ਠਾਣੇ- ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ‘ਚ ਇਕ 17 ਸਾਲਾ ਕੁੜੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੀ ਮਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਕਿਉਂਕਿ ਔਰਤ ਨੇ ਉਨ੍ਹਾਂ ਦੀ ਦੋਸਤੀ ‘ਤੇ ਇਤਰਾਜ਼ ਕੀਤਾ ਸੀ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਘਟਨਾ ਬੁੱਧਵਾਰ ਨੂੰ ਮੁੰਬਰਾ ਖੇਤਰ ‘ਚ ਵਾਪਰੀ ਅਤੇ ਦੋਵੇਂ ਫਰਾਰ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 37 ਸਾਲਾ ਔਰਤ ਨੇ ਆਪਣੀ ਨਾਬਾਲਗ ਧੀ ਨੂੰ ਮੁੰਡੇ ਨਾਲ ਦੋਸਤੀ ਕਰਨ ‘ਤੇ ਝਿੜਕਿਆ, ਜਿਸ ਤੋਂ ਉਹ ਗੁੱਸੇ ਵਿਚ ਸੀ।
ਮੁੰਬਰਾ ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਅਸ਼ੋਕ ਨੇ ਕਿਹਾ ਕਿ ਕੁੜੀ ਨੇ ਆਪਣੇ ਪ੍ਰੇਮੀ ਨਾਲ ਸਾਜ਼ਿਸ਼ ਰਚੀ ਅਤੇ ਆਪਣੀ ਮਾਂ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੋਵੇਂ ਘਰ ਨੂੰ ਬਾਹਰੋਂ ਤਾਲਾ ਲਗਾ ਕੇ ਮੌਕੇ ਤੋਂ ਫਰਾਰ ਹੋ ਗਏ। ਬਾਅਦ ‘ਚ ਔਰਤ ਦੇ ਰਿਸ਼ਤੇਦਾਰ ਨੇ ਉਸ ਨੂੰ ਫੋਨ ਕੀਤਾ ਪਰ ਕੋਈ ਜਵਾਬ ਨਾ ਮਿਲਣ ‘ਤੇ ਪੁਲਸ ਨੂੰ ਸੂਚਨਾ ਦਿੱਤੀ।
ਅਧਿਕਾਰੀ ਨੇ ਦੱਸਿਆ ਕਿ ਪੁਲਸ ਪੀੜਤਾ ਦੇ ਘਰ ਪਹੁੰਚੀ ਅਤੇ ਦਰਵਾਜ਼ਾ ਤੋੜ ਕੇ ਅੰਦਰ ਦਾਖ਼ਲ ਹੋਈ। ਉਨ੍ਹਾਂ ਨੂੰ ਔਰਤ ਦੀ ਖੂਨ ਨਾਲ ਲੱਥਪੱਥ ਲਾਸ਼ ਮਿਲੀ, ਜਿਸ ਦੇ ਸਰੀਰ ‘ਤੇ ਚਾਕੂ ਦੇ ਕਈ ਨਿਸ਼ਾਨ ਸਨ। ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਦੋਵਾਂ ਦੋਸ਼ੀਆਂ ਖਿਲਾਫ਼ ਆਈ. ਪੀ. ਸੀ ਦੀ ਧਾਰਾ 302 (ਕਤਲ) ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।