ਪਟਿਆਲਾ ਪੁਲਸ ਵੱਲੋਂ 10 ਕਿੱਲੋ ਅਫ਼ੀਮ ਸਮੇਤ 2 ਵਿਅਕਤੀ ਗ੍ਰਿਫ਼ਤਾਰ, ਪਹਿਲਾਂ ਵੀ ਦਰਜ ਹਨ ਅਪਰਾਧਿਕ ਮੁਕੱਦਮੇ

ਪਟਿਆਲਾ : ਪਟਿਆਲਾ ਪੁਲਸ ਨੂੰ ਉਸ ਸਮੇਂ ਕਾਮਯਾਬੀ ਮਿਲੀ, ਜਦੋਂ 2 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 10 ਕਿੱਲੋਗ੍ਰਾਮ ਅਫ਼ੀਮ ਬਰਾਮਦ ਕੀਤੀ ਗਈ। ਜਾਣਕਾਰੀ ਮੁਤਾਬਕ ਪੁਲਸ ਦੀ ਟੀਮ ਗਲ ਚੱਕ ਰੋਹਟੀ ਪੁਲ ਨਾਭਾ ਨੇੜੇ ਚੈਕਿੰਗ ਦੇ ਸਬੰਧ ਵਿੱਚ ਮੌਜੂਦ ਸੀ ਤਾਂ ਕਾਰ ਸਵਾਰ 2 ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ‘ਤੇ ਰੋਕਿਆ ਗਿਆ। ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ ਡਰਾਈਵਰ ਸੀਟ ਹੇਠੋਂ 10 ਕਿੱਲੋ ਅਫ਼ੀਮ ਬਰਾਮਦ ਕੀਤੀ ਗਈ।
ਦੋਹਾਂ ਵਿਅਕਤੀਆਂ ਦੀ ਪਛਾਣ ਰਣਬੀਰ ਸਿੰਘ ਉਰਫ਼ ਸੋਨੀ ਪੁੱਤਰ ਗੁਰਦੇਵ ਸਿੰਘ ਅਤੇ ਕੁਲਦੀਪ ਸਿੰਘ ਪੁੱਤਰ ਨਿਰੰਜਣ ਸਿੰਘ ਵਾਸੀਆਨ ਪਿੰਡ ਕੱਕੜੀ , ਜ਼ਿਲ੍ਹਾ ਕੈਥਲ (ਹਰਿਆਣਾ) ਵੱਜੋਂ ਹੋਈ ਹੈ। ਦੋਹਾਂ ਖ਼ਿਲਾਫ਼ ਪੁਲਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਦੋਸ਼ੀਆਂ ਖ਼ਿਲਾਫ਼ ਪਹਿਲਾਂ ਵੀ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਥਾਣਿਆਂ ‘ਚ ਐੱਨ. ਡੀ. ਪੀ. ਐੱਸ ਐਕਟ ਤਹਿਤ 4 ਮੁਕੱਦਮੇ ਦਰਜ ਹਨ, ਜਿਨ੍ਹਾਂ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।