ਜੰਮੂ ਖੇਤਰ ’ਚ ਅੱਤਵਾਦ ਦਾ ਫੈਲਣਾ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ : ਮਹਿਬੂਬਾ

ਸ਼੍ਰੀਨਗਰ ਪੀਪੁਲਸ ਡੈਮੋਕ੍ਰੇਟਿਕ ਪਾਰਟੀ (ਪੀ. ਡੀ. ਪੀ.) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ ਖੇਤਰ ’ਚ ਫੈਲ ਰਿਹਾ ਅੱਤਵਾਦ ਕੇਂਦਰ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ। ਉਨ੍ਹਾਂ ਕਿਹਾ ਕਿ ਜੰਮੂ ਦੇ ਸਿਧਰਾ ਇਲਾਕੇ ’ਚ ਸਵੇਰੇ ਹੋਏ ਮੁਕਾਬਲੇ ਨੇ ਜੰਮੂ-ਕਸ਼ਮੀਰ ’ਚ ਅੱਤਵਾਦ ਨੂੰ ਖਤਮ ਕਰਨ ਸਬੰਧੀ ਸਰਕਾਰ ਦੇ ਦਾਅਵਿਆਂ ਨੂੰ ਝੂਠਾ ਸਾਬਿਤ ਕਰ ਦਿੱਤਾ। ਇਸ ਮੁਕਾਬਲੇ ’ਚ 4 ਅੱਤਵਾਦੀ ਮਾਰੇ ਗਏ।
ਮਹਿਬੂਬਾ ਨੇ ਕਿਹਾ ਕਿ ਸਰਕਾਰ ਦਾ ਦਾਅਵਾ ਹੈ ਕਿ ਉਸ ਨੇ ਜੰਮੂ-ਕਸ਼ਮੀਰ ਤੋਂ ਅੱਤਵਾਦ ਨੂੰ ਖਤਮ ਕਰ ਦਿੱਤਾ ਹੈ ਪਰ ਜੰਮੂ ’ਚ ਅੱਜ ਵੀ ਅੱਤਵਾਦ ਹੈ, ਜੋ ਉਸ ਦੀ ਸਭ ਤੋਂ ਵੱਡੀ ਨਾਕਾਮੀ ਹੈ। ਮਹਿਬੂਬਾ ਨੇ ਦਾਅਵਾ ਕੀਤਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਨੂੰ ਰੋਕਣ ਲਈ ਸਰਕਾਰ ਕੋਵਿਡ ਜਾਂ ਅੱਤਵਾਦ ਵਰਗੇ ਬਹਾਨੇ ਬਣਾ ਸਕਦੀ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੇ ਮੁੱਢਲੇ ਅਧਿਕਾਰਾਂ ਜਿਵੇਂ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ’ਤੇ ਰੋਕ ਲਗਾਈ ਜਾ ਰਹੀ ਹੈ। ਜੇ ਕੋਈ ਗੱਲ ਕਰਦਾ ਹੈ ਤਾਂ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਭਾਵੇਂ ਉਹ ਪੱਤਰਕਾਰ ਹੋਵੇ ਜਾਂ ਆਮ ਆਦਮੀ।