ਸਰਕਾਰ ਦਾ ਆਰੋਪ : ਭਾਰਤ ’ਚ ਬਣੀ ਦਵਾਈ ਨੇ ਕੀਤਾ ਨੁਕਸਾਨ
ਨਵੀਂ ਦਿੱਲੀ : ਉਜ਼ਬੇਕਿਸਤਾਨ ਸਰਕਾਰ ਨੇ ਆਰੋਪ ਲਗਾਇਆ ਹੈ ਕਿ ਭਾਰਤ ਵਿਚ ਬਣੀ ਖੰਘ ਦੀ ਦਵਾਈ ਪੀਣ ਨਾਲ ਉਨ੍ਹਾਂ ਦੇਸ਼ ਵਿਚ 18 ਬੱਚਿਆਂ ਦੀ ਜਾਨ ਗਈ ਹੈ। ਮੀਡੀਆ ਵਿਚ ਆਈ ਜਾਣਕਾਰੀ ਮੁਤਾਬਕ ਸਿਹਤ ਮੰਤਰਾਲੇ ਨੇ ਕਿਹਾ ਕਿ ਭਾਰਤ ਦੀ ਮੈਰੀਅਨ ਬਾਇਓਟੈਕ ਵਿਚ ਬਣੀ ਖੰਘ ਦੀ ਦਵਾਈ ‘ਡਾਕ-1 ਮੈਕਸ’ ਪੀਣ ਨਾਲ ਬੱਚਿਆਂ ਦੀ ਜਾਨ ਗਈ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਇਸ ਮਾਮਲੇ ਵਿਚ ਜਾਂਚ ਲਈ ਉਜ਼ਬੇਕਿਸਤਾਨ ਸਰਕਾਰ ਦਾ ਸਹਿਯੋਗ ਕਰੇਗਾ। ਇਸੇ ਦੌਰਾਨ ਭਾਰਤ ਨੇ ਵੀ ਉਜ਼ਬੇਕਿਸਤਾਨ ਸਰਕਾਰ ਦੇ ਆਰੋਪਾਂ ਦੀ ਜਾਂਚ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐੱਸਸੀਓ) ਨੇ ਉਜ਼ਬੇਕਿਸਤਾਨ ਵਿਚ ਭਾਰਤੀ ਕੰਪਨੀ ਵੱਲੋਂ ਤਿਆਰ ਕਥਿਤ ਤੌਰ ’ਤੇ ਖੰਘ ਦਾ ਸਿਰਪ ਪੀਣ ਕਾਰਨ 18 ਬੱਚਿਆਂ ਦੀ ਹੋਈ ਮੌਤ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਗਾਮਬੀਆ ਵੀ ਆਪਣੇ ਦੇਸ਼ ਵਿਚ 70 ਬੱਚਿਆਂ ਦੀ ਹੋਈ ਮੌਤ ਦੇ ਮਾਮਲੇ ਵਿਚ ਭਾਰਤ ਵਿਚ ਬਣੀ ਖੰਘ ਦੀ ਦਵਾਈ ਨੂੰ ਜ਼ਿੰਮੇਵਾਰ ਠਹਿਰਾ ਚੁੱਕਾ ਹੈ। ਡਬਲਿੳੂ ਐਚ ਓ ਨੇ ਵੀ ਇਸ ਖੰਘ ਦੀ ਦਵਾਈ ਦੇ ਇਸਤੇਮਾਲ ’ਤੇ ਅਲਰਟ ਜਾਰੀ ਕੀਤਾ ਸੀ। ਹਾਲਾਂਕਿ ਭਾਰਤ ਨੇ ਕਿਹਾ ਸੀ ਕਿ ਅਸੀਂ ਕਫ ਸਿਰਪ ਦੀ ਜਾਂਚ ਕੀਤੀ ਸੀ ਅਤੇ ਇਸਦੀ ਕਵਾਲਿਟੀ ਸਹੀ ਪਾਈ ਗਈ ਅਤੇ ਡਬਲਿੳੂ ਐਚ ਓ ਨੇ ਨਤੀਜੇ ’ਤੇ ਪਹੁੰਚਣ ਵਿਚ ਜਲਦਬਾਜ਼ੀ ਕੀਤੀ ਸੀ।