ਹਿਮਾਚਲ ਦੇ ਕਿਨੌਰ ਜ਼ਿਲ੍ਹੇ ‘ਚ ਭੂਚਾਲ ਦੇ ਝਟਕੇ, ਰਿਕਟਰ ਪੈਮਾਨੇ ‘ਤੇ 3.4 ਰਹੀ ਤੀਬਰਤਾ

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ’ਚ ਸ਼ੁੱਕਰਵਾਰ ਰਾਤ ਨੂੰ ਘੱਟ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਭੂਚਾਲ ਦੀ ਤੀਬਰਤਾ 3.4 ਸੀ। ਭੂਚਾਲ ਦਾ ਕੇਂਦਰ ਕਿਨੌਰ ’ਚ ਨਾਕੋ ਨੇੜੇ ਚਾਂਗੋ ‘ਚ ਜ਼ਮੀਨ ਹੇਠ 5 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਭੂਚਾਲ ਦੇ ਝਟਕੇ ਕੁਝ ਸੈਕਿੰਡ ਤੱਕ ਰਹੇ, ਜਿਸ ਕਾਰਨ ਲੋਕ ਘਰਾਂ ‘ਚੋਂ ਬਾਹਰ ਆ ਗਏ। ਜਾਨ-ਮਾਲ ਦੇ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਕੁੱਲੂ ਅਤੇ ਮੰਡੀ ‘ਚ ਭੂਚਾਲ
ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਕੁੱਲੂ ਅਤੇ ਮੰਡੀ ਜ਼ਿਲ੍ਹਿਆਂ ‘ਚ 16 ਨਵੰਬਰ ਨੂੰ ਰਾਤ 9.21 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਸੀ। ਇਸ ਦਾ ਕੇਂਦਰ ਜ਼ਮੀਨ ਤੋਂ 5 ਕਿਲੋਮੀਟਰ ਦੀ ਡੂੰਘਾਈ ‘ਤੇ ਮੰਡੀ ਤੋਂ 27 ਕਿਲੋਮੀਟਰ ਉੱਤਰ-ਪੱਛਮ ਵਿੱਚ ਦੱਸਿਆ ਗਿਆ ਸੀ।