ਮੁੱਖ ਮੰਤਰੀ ਨੇ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੇ ਪਰਿਵਾਰ ਲਈ ਇਕ ਕਰੋੜ ਦੀ ਗ੍ਰਾਂਟ ਕਰਵਾਈ ਰਿਲੀਜ਼

ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਐਕਸ਼ਨ ਵਿਚ ਆਉਂਦਿਆਂ ਸ਼ਹੀਦ ਸਿਪਾਹੀ ਮਨਦੀਪ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਰਿਲੀਜ਼ ਕਰਵਾ ਦਿੱਤੀ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਸ਼ਹੀਦ ਸਿਪਾਹੀ ਮਨਦੀਪ ਸਿੰਘ (1390, ਜਲੰਧਰ) ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ ਇਕ ਕਰੋੜ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਵੇਗੀ।
ਮਨਦੀਪ ਸਿੰਘ ਪਿਛਲੇ ਦਿਨੀਂ ਨਕੋਦਰ ਵਿਖੇ ਉਸ ਸਮੇਂ ਸ਼ਹੀਦ ਹੋ ਗਿਆ ਸੀ, ਜਦੋਂ ਫਿਰੌਤੀ ਮੰਗਣ ਵਾਲੇ ਗਿਰੋਹ ਦੇ ਮੈਂਬਰਾਂ ਵੱਲੋਂ ਇਕ ਵਪਾਰੀ ’ਤੇ ਚਲਾਈਆਂ ਗਈਆਂ ਗੋਲੀਆਂ ਦਾ ਜਵਾਬ ਦਿੰਦੇ ਹੋਏ ਉਸ ਨੂੰ ਗੋਲੀ ਲੱਗ ਗਈ ਸੀ। ਵਿੱਤ ਵਿਭਾਗ ਨੇ ਤੁਰੰਤ ਹਰਕਤ ਵਿਚ ਆਉਂਦਿਆਂ ਇਕ ਕਰੋੜ ਦੀ ਗ੍ਰਾਂਟ ਦੇਣ ਸਬੰਧੀ ਸਰਕਾਰੀ ਪੱਤਰ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਇਕ ਪੱਤਰ ਵਿੱਤ ਵਿਭਾਗ ਦੇ ਅੰਡਰ ਸੈਕਟਰੀ ਜਸਵਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ ਅਤੇ ਇਸ ਦੀਆਂ ਕਾਪੀਆਂ ਮੁੱਖ ਸਕੱਤਰ, ਗ੍ਰਹਿ ਸਕੱਤਰ, ਪੰਜਾਬ ਨੂੰ ਵੀ ਭੇਜ ਦਿੱਤੀਆਂ ਗਈਆਂ ਹਨ।
ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ–ਮਨਦੀਪ ਨੇ ਪੰਜਾਬ ਪੁਲਸ ਦਾ ਨਾਂ ਰੌਸ਼ਨ ਕੀਤਾ
ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਹੈ ਕਿ ਨਕੋਦਰ ਵਿਚ ਸ਼ਹੀਦ ਹੋਏ ਕਾਂਸਟੇਬਲ ਮਨਦੀਪ ਸਿੰਘ ਨੇ ਇਕ ਵਾਰ ਫਿਰ ਪੰਜਾਬ ਪੁਲਸ ਦਾ ਨਾਂ ਰੌਸ਼ਨ ਕੀਤਾ ਹੈ। ਮਨਦੀਪ ਸਿੰਘ ਦੀ ਕੁਰਬਾਨੀ ਤੋਂ ਹੋਰਨਾਂ ਜਵਾਨਾਂ ਨੂੰ ਵੀ ਪ੍ਰੇਰਣਾ ਮਿਲੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਇਕ ਕਰੋੜ ਦੀ ਗ੍ਰਾਂਟ ਜਾਰੀ ਕਰਨ ਦਾ ਪੱਤਰ ਜਾਰੀ ਕਰਵਾ ਕੇ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਸ਼ਹੀਦ ਦੇ ਪਰਿਵਾਰ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ।