ਦਿੱਲੀ ‘ਚ ਟੀਚਰ ਨੇ ਵਿਦਿਆਰਥਣ ‘ਤੇ ਕੀਤਾ ਕੈਂਚੀ ਨਾਲ ਹਮਲਾ, ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟਿਆ

ਨਵੀਂ ਦਿੱਲੀ – ਦਿੱਲੀ ‘ਚ ਇਕ ਅਧਿਆਪਕਾ ਨੇ 5ਵੀਂ ਜਮਾਤ ਦੀ ਵਿਦਿਆਰਥਣ ‘ਤੇ ਕੈਂਚੀ ਨਾਲ ਹਮਲਾ ਕੀਤਾ ਅਤੇ ਫਿਰ ਉਸ ਨੂੰ ਸਕੂਲ ਦੀ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੋਸ਼ੀ ਅਧਿਆਪਕਾ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਜ਼ਖ਼ਮੀ ਵਿਦਿਆਰਥਣ ਦਾ ਇਲਾਜ ਹਿੰਦੂ ਰਾਵ ਹਸਪਤਾਲ ‘ਚ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਦਿੱਲੀ ਨਗਰ ਨਿਗਮ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਤੁਰੰਤ ਪ੍ਰਭਾਵ ਤੋਂ ਦੋਸ਼ੀ ਅਧਿਆਪਕਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਤੋਂ ਬਅਦ ਮੱਧ ਦਿੱਲੀ ਦੇ ਮਾਡਲ ਬਸਤੀ ਇਲਾਕੇ ‘ਚ ਸਥਿਤ ਪ੍ਰਾਇਮਰੀ ਸਕੂਲ ‘ਚ ਲੋਕਾਂ ਦੀ ਭੀੜ ਇਕੱਠੀ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਸ਼ਈ ਅਧਿਆਪਕਾ, ਜਿਸ ਦੀ ਪਛਾਣ ਗੀਤਾ ਦੇਸ਼ਵਾਸ ਵਜੋਂ ਹੋਈ ਹੈ, ਜਿਸ ਨੇ ਵਿਦਿਆਰਥਣ ‘ਤੇ ਇਕ ਕੈਂਚੀ ਨਾਲ ਹਮਲਾ ਕੀਤਾ ਅਤੇ ਫਿਰ ਉਸ ਨੂੰ ਪਹਿਲੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਪੁਲਸ ਡਿਪਟੀ ਕਮਿਸ਼ਨਰ ਸ਼ਵੇਤਾ ਚੌਹਾਨ ਨੇ ਕਿਹਾ ਕਿ ਚਮਸ਼ਦੀਦਾਂ ਦੇ ਬਿਆਨ ਦੇ ਆਧਾਰ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 307 ਦੇ ਅਧੀਨ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਅਧਿਆਪਕਾ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ। ਚੌਹਾਨ ਨੇ ਕਿਹਾ ਕਿ ਜ਼ਖ਼ਮੀ ਵਿਦਿਆਰਥਣ ਨੂੰ ਹਿੰਦੂ ਰਾਵ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਸੀਟੀ ਸਕੈਨ ਸਮੇਤ ਉਸ ਦੀ ਸਾਰੀ ਜ਼ਰੂਰੀ ਜਾਂਚ ਕੀਤੀ ਗਈ ਹੈ। ਵਿਦਿਆਰਥਣ ਸੁਰੱਖਿਅਤ ਹੈ ਅਤੇ ਉਸ ਦੀ ਹਾਲਤ ਸਥਿਰ ਹੈ।