ਤੇਲੰਗਾਨਾ : ਘਰ ‘ਚ ਅੱਗ ਲੱਗਣ ਨਾਲ 2 ਬੱਚਿਆਂ ਸਮੇਤ 6 ਲੋਕ ਜਿਊਂਦੇ ਸੜੇ

ਹੈਦਰਾਬਾਦ – ਤੇਲੰਗਾਨਾ ਦੇ ਮਨਚੇਰੀਅਲ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਇਕ ਘਰ ‘ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ‘ਚ 2 ਬੱਚਿਆਂ ਸਮੇਤ 6 ਲੋਕ ਜਿਊਂਦੇ ਸੜ ਗਏ। ਪੁਲਸ ਅਨੁਸਾਰ, ਘਟਨਾ ਰਾਮਕ੍ਰਿਸ਼ਨਪੁਰ ਥਾਣਾ ਖੇਤਰ ਦੇ ਵੇਂਕਟਪੁਰ ਪਿੰਡ ਦੀ ਹੈ। ਪੁਲਸ ਨੇ ਕਿਹਾ ਕਿ ਅੱਗ ਸ਼ਿਵਾਏ ਦੇ ਘਰ ਉਸ ਸਮੇਂ ਲੱਗੀ, ਜਦੋਂ ਸਾਰੇ ਸੌਂ ਰਹੇ ਸਨ। ਸ਼ਿਵਾਏ (50), ਉਸ ਦੀ ਪਤਨੀ ਪਦਮਾ (45), ਪਦਮਾ ਦੀ ਭਤੀਜੀ ਮੌਨਿਕਾ (23), ਉਸ ਦੀਆਂ 2 ਧੀਆਂ ਅਤੇ ਇਕ ਹੋਰ ਰਿਸ਼ਤੇਦਾਰ ਸ਼ਾਂਤੇਯਾ (52) ਦੀ ਜਿਊਂਦੇ ਸੜਨ ਨਾਲ ਮੌਤ ਹੋ ਗਈ।
ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਕਰਮੀਆਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਪੁਲਸ ਡਿਪਟੀ ਕਮਿਸ਼ਰ ਅਖਿਲ ਮਹਾਜਨ ਨੇ ਕਿਹਾ ਕਿ ਅੱਗ ਸ਼ਾਰਟ ਸਰਕਿਟ ਕਾਰਨ ਲੱਗਣ ਦਾ ਖ਼ਦਸ਼ਾ ਹੈ। ਸਹੀ ਕਾਰਨ ਪੂਰੀ ਜਾਂਚ ਤੋਂ ਬਾਅਦ ਪਤਾ ਲਗੇਗਾ। ਪੁਲਸ ਨੇ ਮਾਮਲਾ ਦਰਜ ਕਰ ਕੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।