ਸ਼ਿੰਦੇ ਸਰਕਾਰ ਦਾ ਵੱਡਾ ਫੈਸਲਾ, ਅੰਤਰਜਾਤੀ ਵਿਆਹਾਂ ’ਤੇ ਰੱਖੀ ਜਾਵੇਗੀ ਨਜ਼ਰ

ਮੁੰਬਈ- ਔਰਤਾਂ ਨੂੰ ਲੈ ਕੇ ਅਪਰਾਧ ਲਗਾਤਾਰ ਵਧਦੇ ਜਾ ਰਹੇ ਹਨ। ਫਿਰ ਚਾਹੇ ਉਹ ਲਿਵ ਇਨ ਪਾਰਟਨਰ ਦਾ ਕਤਲ ਹੋਵੇ ਜਾਂ ਲਵ ਜਿਹਾਦ ਜਾਂ ਅੰਤਰਜਾਤੀ ਵਿਆਹ ਤੋਂ ਬਾਅਦ ਔਰਤਾਂ ਨਾਲ ਦੁਰਵਿਵਹਾਰ। ਇਸ ਦੌਰਾਨ ਮਹਾਰਾਸ਼ਟਰ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਸ਼ਿੰਦੇ ਸਰਕਾਰ ਨੇ ਇਕ ਕਮੇਟੀ ਬਣਾਉਣ ਦਾ ਫੈਸਲਾ ਲਿਆ ਹੈ ਜੋ ਅੰਤਰਜਾਤੀ ਵਿਆਹਾਂ ’ਤੇ ਨਜ਼ਰ ਰੱਖਣ ਲਈ ਕੰਮ ਕਰੇਗੀ। ਇਸ ਕਮੇਟੀ ਦੀ ਪ੍ਰਧਾਨਗੀ ਸੂਬੇ ਦੀਆਂ ਔਰਤਾਂ ਅਤੇ ਬਾਲ ਵਿਕਾਸ ਮੰਤਰੀ ਅਤੇ ਭਾਜਪਾ ਨੇਤਾ ਮੰਗਲ ਪ੍ਰਭਾਤ ਲੋਢਾ ਕਰਨਗੇ।
ਇੰਨਾਂ ਹੀ ਨਹੀਂ ਮਹਾਰਾਸ਼ਟਰ ਸਰਕਾਰ ਵਲੋਂ ਔਰਤਾਂ ਦੀ ਸੁਰੱਖਿਆ ਸਬੰਧੀ ਇਕ ਹੈਲਪਲਾਈਨ ਨੰਬਰ ਵੀ ਜਲਦੀ ਹੀ ਜਾਰੀ ਕੀਤਾ ਜਾਵੇਗਾ। ਇਹ ਕਮੇਟੀ ਅੰਤਰਜਾਤੀ ਵਿਆਹ ਕਰਵਾਉਣ ਵਾਲੇ ਜੋੜੇ ਬਾਰੇ ਵੱਡੇ ਪੱਧਰ ’ਤੇ ਜਾਣਕਾਰੀ ਇਕੱਠੀ ਕਰੇਗੀ। ਇਸ ਤੋਂ ਇਲਾਵਾ ਇਸ ਤਰ੍ਹਾਂ ਦੇ ਵਿਆਹ ਕਰਨ ਵਾਲੇ ਜੋੜੇ ਜੇਕਰ ਵੱਖ-ਵੱਖ ਹੋ ਜਾਂਦੇ ਹਨ ਤਾਂ ਔਰਤ ਦੇ ਪਰਿਵਾਰਕ ਮੈਂਬਰਾਂ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਇਸ 13 ਮੈਂਬਰੀ ਕਮੇਟੀ ਦਾ ਕੰਮ ਪਤੀ-ਪਤਨੀ ਅਤੇ ਉਨ੍ਹਾਂ ਦੇ ਪਰਿਵਾਰਾਂ ਵਲੋਂ ਕੀਤੀਆਂ ਸ਼ਿਕਾਇਤਾਂ ਨੂੰ ਦੇਖਣਾ ਵੀ ਹੋਵੇਗਾ।