ਸ਼ਰਾਬਬੰਦੀ ਵਾਲੇ ਬਿਹਾਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 25 ਲੋਕਾਂ ਦੀ ਮੌਤ

ਪਟਨਾ – ਸ਼ਰਾਬਬੰਦੀ ਵਾਲੇ ਬਿਹਾਰ ’ਚ ਇਕ ਵਾਰ ਫਿਰ ਇਕੱਠੇ 25 ਲੋਕਾਂ ਦੀ ਸ਼ਰਾਬ ਪੀਣ ਨਾਲ ਮੌਤ ਹੋਈ ਹੈ। ਮ੍ਰਿਤਕਾਂ ਦੇ ਪਰਿਵਾਰ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋਣ ਦਾ ਦਾਅਵਾ ਕਰ ਰਹੇ ਹਨ ਜਦਕਿ ਪ੍ਰਸ਼ਾਸਨ ਇਸ ਬਾਰੇ ਕੁਝ ਨਹੀਂ ਬੋਲ ਰਿਹਾ ਹੈ।
ਇਸ ਵਾਰ ਘਟਨਾ ਸਾਰਣ ਜ਼ਿਲੇ ਦੇ ਇਸੁਆਪੁਰ ਥਾਣਾ ਖੇਤਰ ਦੇ ਡੋਈਲਾ ਪਿੰਡ ’ਚ ਹੋਈ ਹੈ। ਸੋਮਵਾਰ ਨੂੰ ਸ਼ਰਾਬ ਪੀਣ ਤੋਂ ਬਾਅਦ ਤੋਂ ਇਕ-ਇਕ ਕਰ ਕੇ ਲੋਕਾਂ ਦੀ ਸਿਹਤ ਖਰਾਬ ਹੋਣੀ ਸ਼ੁਰੂ ਹੋਈ ਅਤੇ ਫਿਰ ਉਲਟੀਆਂ ਦੇ ਦੌਰ ਵਿਚਾਲੇ ਅੱਖਾਂ ਦੀ ਰੌਸ਼ਨੀ ਜਾਂਦੀ ਰਹੀ। ਕਈ ਹਸਪਤਾਲ ਪਹੁੰਚਣ ਤੋਂ ਪਹਿਲਾਂ ਮਰ ਗਏ ਜਦਕਿ ਜ਼ਿਆਦਾਤਰ ਨੂੰ ਆਖਰੀ ਸਮੇਂ ’ਚ ਇਲਾਜ ਮਿਲਣ ’ਤੇ ਵੀ ਬਚਾਇਆ ਨਹੀਂ ਜਾ ਸਕਿਆ।
ਉੱਧਰ ਅੱਧਾ ਦਰਜਨ ਤੋਂ ਵੱਧ ਲੋਕਾਂ ਦਾ ਇਲਾਜ ਸਦਰ ਹਸਪਤਾਲ ਅਤੇ ਪਟਨਾ ਦੇ ਪੀ. ਐੱਮ. ਸੀ. ਐੱਚ. ’ਚ ਚੱਲ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਵਿਰੋਧੀ ਧਿਰ ਨੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਕਰਾਰੇ ਹੱਥੀਂ ਲਿਆ। ਉੱਧਰ ਨਿਤੀਸ਼ ਨੇ ਇਸ ਘਟਨਾ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਵਿਧਾਨ ਸਭਾ ’ਚ ਕਿਹਾ ਕਿ ਅਸੀਂ ਸਭ ਜਾਣਦੇ ਹਾਂ ਕਿ ਤੁਸੀਂ ਇਨ੍ਹਾਂ ਗਲਤ ਕੰਮਾਂ ਨਾਲ ਜੁੜੇ ਹੋ। ਤੁਸੀਂ ਬਿਹਾਰ ’ਚ ਸ਼ਰਾਬ ਦੀ ਪੈਰਵੀ ਕਰਦੇ ਹੋ ਪਰ ਮੈਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗਾ।
ਪਿੰਡ ਵਾਸੀਆਂ ਨੇ ਲਾਸ਼ਾਂ ਸਮੇਤ ਸਟੇਟ ਹਾਈਵੇਅ ਕੀਤਾ ਜਾਮ : ਇਸ ਘਟਨਾ ਦੇ ਵਿਰੋਧ ’ਚ ਭੜਕੇ ਦਿਹਾਤੀਆਂ ਨੇ ਮਸਰਖ ਹਨੂੰਮਾਨ ਚੌਕ ਸਟੇਟ ਹਾਈਵੇਅ-90 ’ਤੇ ਲਾਸ਼ਾਂ ਰੱਖ ਕੇ ਜਾਮ ਲਗਾਇਆ। ਸਥਾਨਕ ਪਿੰਡ ਵਾਸੀ ਜ਼ਿਲਾ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਸਨ। ਮਸਰਖ ’ਚ ਭੜਕੇ ਲੋਕਾਂ ਨੂੰ ਸਮਝਾਉਣ ਲਈ ਪੁਲਸ ਦੇ ਸੀਨੀਅਰ ਅਧਿਕਾਰੀ ਪਹੁੰਚੇ।