ਅਹਿਮਦਾਬਾਦ – ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਗੁਜਰਾਤ ‘ਚ ਕੱਛ ਜ਼ਿਲ੍ਹੇ ਦੇ ਤੱਟ ‘ਤੇ ਭਾਰਤ-ਪਾਕਿਸਤਾਨ ਸਰਹੱਦ ਕੋਲ ਕ੍ਰੀਕ ਖੇਤਰ ਤੋਂ ਤਿੰਨ ਪਾਕਿਸਤਾਨੀ ਮਛੇਰਿਆਂ ਨੂੰ ਸੋਮਵਾਰ ਨੂੰ ਫੜਿਆ ਅਤੇ ਉਨ੍ਹਾਂ ਦੀ ਕਿਸ਼ਤੀ ਜ਼ਬਤ ਕਰ ਲਈ। ਬੀ.ਐੱਸ.ਐੱਫ. ਨੇ ਇਹ ਜਾਣਕਾਰੀ ਦਿੱਤੀ। ਬੀ.ਐੱਸ.ਐੱਫ. ਨੇ ਇਕ ਪ੍ਰੈੱਸ ਰਿਲੀਜ਼ ‘ਚ ਦੱਸਿਆ ਕਿ ਰਾਤ ਭਰ ਇਕ ਵਿਸ਼ੇਸ਼ ਤਲਾਸ਼ ਮੁਹਿੰਮ ਚਲਾਈ ਗਈ ਅਤੇ ‘ਹਰਾਮੀ ਨਾਲਾ’, ਕ੍ਰੀਕ ਖੇਤਰ ਤੋਂ ਸੋਮਵਾਰ ਤੜਕੇ ਤਿੰਨ ਪਾਕਿਸਤਾਨੀ ਮਛੇਰਿਆਂ ਨੂੰ ਫੜਿਆ ਗਿਆ। ਪ੍ਰੈੱਸ ਰਿਲੀਜ਼ ਅਨੁਸਾਰ,”ਭਾਰਤੀ ਖੇਤਰ ‘ਚ ਮੱਛੀ ਫੜਨ ਵਾਲੀ ਪਾਕਿਸਤਾਨੀ ਕਿਸ਼ਤੀ ਅਤੇ ਮਛੇਰਿਆਂ ਦੀਆਂ ਗਤੀਵਿਧੀਆਂ ਦਾ ਪਤਾ ਲੱਗਣ ‘ਤੇ ਬੀ.ਐੱਸ.ਐੱਫ. ਦਾ ਗਸ਼ਤੀ ਦਲ ਤੁਰੰਤ ਮੌਕੇ ‘ਤੇ ਪਹੁੰਚਿਆ ਅਤੇ ਕਿਸ਼ਤੀ ਨੂੰ ਆਪਣੇ ਕਬਜ਼ੇ ‘ਚ ਲੈ ਲਿਆ।
ਬੀ.ਐੱਸ.ਐੱਫ. ਕਰਮੀਆਂ ਨੂੰ ਆਉਂਦਾ ਦੇਖ ਮਛੇਰਿਆਂ ਨੂੰ ਪਾਕਿਸਤਾਨ ਵੱਲ ਦੌੜਨ ਦੀ ਕੋਸ਼ਿਸ਼ ਕੀਤੀ ਪਰ ਜਵਾਨਾਂ ਨੂੰ ਉਨ੍ਹਾਂ ਨੂੰ ਫੜ ਲਿਆ।” ਬਿਆਨ ਅਨੁਸਾਰ, ਇਹ ਲੋਕ ਪਾਕਿਸਤਾਨ ਦੇ ‘ਜ਼ੀਰੋ ਪੁਆਇੰਟ’ ਦੇ ਵਾਸੀ ਹਨ। ਸ਼ੁਰੂਆਤੀ ਪੁੱਛ-ਗਿੱਛ ‘ਚ ਪਤਾ ਲੱਗਾ ਕਿ ਮਛੇਰਿਆਂ ‘ਚੋਂ ਇਕ ਨੂੰ ਬੀ.ਐੱਸ.ਐੱਫ. ਨੇ 2017 ‘ਚ ਵੀ ਫੜਿਆ ਸੀ। ਇਕ ਸਾਲ ਤੱਕ ਉਹ ਭੁਜ ਜੇਲ੍ਹ ‘ਚ ਬੰਦ ਸੀ, ਜਿਸ ਤੋਂ ਬਾਅਦ ਉਸ ਨੂੰ ਅਟਾਰੀ ਵਾਹਗਾ ਸਰਹੱਦ ਤੋਂ ਪਾਕਿਸਤਾਨ ਭੇਜਿਆ ਗਿਆ ਸੀ। ਬਿਆਨ ‘ਚ ਕਿਹਾ ਗਿਆ, ਮਛੇਰਿਆਂ ਨੇ ਬੀ.ਐੱਸ.ਐੱਫ. ਨੂੰ ਦੱਸਿਆ ਕਿ ਉਹ ਮੱਛੀ ਫੜਨ ਲਈ ਭਾਰਤੀ ਖੇਤਰ ‘ਚ ਆਏ, ਕਿਉਂਕਿ ਇਹ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਮੁੱਖ ਸਰੋਤ ਹੈ।