ਗੁੜਗਾਓਂ– ਅਧਿਕਾਰਾਂ ਦੇ ਨਾਲ-ਨਾਲ ਆਪਣੇ ਫਰਜ਼ਾਂ ਨੂੰ ਸਮਝਣਾ ਵੀ ਜ਼ਰੂਰੀ ਹੈ। ਨੌਜਵਾਨ ਪੀੜ੍ਹੀ ਨੂੰ ਇਸ ਦਾ ਅਹਿਸਾਸ ਕਰਵਾਉਣਾ ਪਵੇਗਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕੇਂਦਰੀ ਖੇਡ, ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਧਾਰਮਿਕ ਸੰਸਥਾ ਬ੍ਰਹਮਕੁਮਾਰੀਜ਼ ਦੇ ਗੁੜਗਾਓਂ ਬਿਲਾਸਪੁਰ ਸਥਿਤ ਓਮ ਸ਼ਾਂਤੀ ਰੀਟਰੀਟ ਸੈਂਟਰ (ਓ. ਆਰ. ਸੀ.) ਦੇ 21ਵੇਂ ਸਾਲਾਨਾ ਸੰਮੇਲਨ ਮੌਕੇ ਉਮੰਗਾਂ ਦੀਆਂ ਤਿਰੰਗਾਂ’ ਵਿਸ਼ੇ ’ਤੇ ਆਯੋਜਿਤ ਸਮਾਗਮ ਦੌਰਾਨ ਕੀਤਾ |
ਉਨ੍ਹਾਂ ਕਿਹਾ ਕਿ ਦੁਨੀਆ ਵਿਚ ਔਰਤਾਂ ਨੂੰ ਬਣਦਾ ਸਤਿਕਾਰ ਨਹੀਂ ਮਿਲ ਰਿਹਾ ਪਰ ਭਾਰਤ ’ਚ ਔਰਤਾਂ ਨੂੰ ਦੇਵੀ ਵਜੋਂ ਪੂਜਿਆ ਜਾਂਦਾ ਹੈ। ਬ੍ਰਹਮਕੁਮਾਰੀਜ਼ ਦੀ ਅਗਵਾਈ ਖੁਦ ਮਾਂ-ਸ਼ਕਤੀ ਦੇ ਹੱਥਾਂ ਵਿਚ ਹੈ। ਉਨ੍ਹਾਂ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਥੇਬੰਦੀ ਜਾਤ-ਪਾਤ, ਧਰਮ ਅਤੇ ਭਾਈਚਾਰੇ ਤੋਂ ਉੱਪਰ ਉੱਠ ਕੇ ਮਹਾਨ ਕਾਰਜ ਕਰ ਰਹੀ ਹੈ। ਸਾਨੂੰ ਇਕ-ਦੂਜੇ ਨਾਲ ਲੜਨ ਦੀ ਲੋੜ ਨਹੀਂ ਹੈ। ਜੇਕਰ ਸਭ ਤੋਂ ਵੱਡੀ ਲੜਾਈ ਲੜਨੀ ਹੈ ਤਾਂ ਨਸ਼ਿਆਂ ਅਤੇ ਬੁਰਾਈਆਂ ਵਿਰੁੱਧ ਲੜਨੀ ਹੋਵੇਗੀ।
ਸਵਾਮੀ ਹਰੀਓਮ ਨੇ ਕਿਹਾ ਕਿ ਅੱਜ ਹਰ ਵਿਅਕਤੀ ਨੂੰ ਸੁੱਖ, ਸ਼ਾਂਤੀ ਅਤੇ ਸਦਭਾਵਨਾ ਦੀ ਲੋੜ ਹੈ। ਇਹ ਸੰਸਥਾ ਇਸ ਖੇਤਰ ਵਿਚ ਜ਼ਿਕਰਯੋਗ ਕੰਮ ਕਰ ਰਹੀਆਂ ਹਨ। ਜੈਨ ਮੁਨੀ ਲੋਕੇਸ਼ ਨੇ ਕਿਹਾ ਕਿ ਬ੍ਰਹਮਕੁਮਾਰੀਜ਼ ਦੁਨੀਆ ਦੀ ਸਭ ਤੋਂ ਵਿਲੱਖਣ ਸੰਸਥਾ ਹੈ। ਇਹ ਸੰਸਥਾ ਪੂਰੀ ਦੁਨੀਆ ’ਚ ਸ਼ਾਂਤੀ ਦੀ ਬਹਾਲੀ ਦਾ ਕੰਮ ਕਰ ਰਹੀ ਹੈ। ਕੇਂਦਰ ਦੀ ਡਾਇਰੈਕਟਰ ਬੀ. ਕੇ. ਆਸ਼ਾ ਨੇ ਕਿਹਾ ਕਿ ਸੰਸਥਾ ਸ਼ਾਂਤੀ ਕੁੰਡ ਦਾ ਕੰਮ ਕਰ ਰਹੀ ਹੈ। ਮੁੱਖ ਮਹਿਮਾਨ ਅਨੁਰਾਗ ਠਾਕੁਰ ਨੇ ਸਾਲਾਨਾ ਉਤਸਵ ਮੌਕੇ ਕਰਵਾਏ ਖੇਡ ਮੁਕਾਬਲੇ ’ਚ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ।