ਮੁੰਬਈ– ਬੰਬਈ ਹਾਈਕੋਰਟ ਨੂੰ ਵੀਰਵਾਰ ਨੂੰ ਮਹਾਰਾਸ਼ਟਰ ਸਰਕਾਰ ਨੇ ਸੂਚਿਤ ਕੀਤਾ ਕਿ ਮੁੰਬਈ ਪੁਲਸ ਨੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੀ ਜਾਂਚ ਸ਼ੁਰੂ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਸੀ. ਬੀ. ਆਈ. ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੂੰ ਇਸ ਦੀ ਜਾਂਚ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਇਕ ਜਨਹਿੱਤ ਪਟੀਸ਼ਨ ਦੀ ਸੁਣਵਾਈ ਦੌਰਾਨ ਇਹ ਬਿਆਨ ਦਿੱਤਾ ਗਿਆ।
ਮੁੰਬਈ ਵਾਸੀ ਗੌਰੀ ਭਿੜੇ ਵਲੋਂ ਇਕ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ, ਜੋ ਇਕ ਵਿਵਹਾਰ ਅਤੇ ਸਾਫਟ ਸਕਿਲ ਸਲਾਹਕਾਰ ਹਨ ਅਤੇ ਉਨ੍ਹਾਂ ਦੇ ਪਿਤਾ ਅਭੈ ਦੂਜੇ ਪਟੀਸ਼ਨਕਰਤਾ ਹਨ। ਇਸ ਮਾਮਲੇ ਵਿਚ ਕੇਂਦਰ ਅਤੇ ਸੂਬਾ ਸਰਕਾਰਾਂ, ਸੀ. ਬੀ. ਆਈ., ਈ. ਡੀ., ਊਧਵ, ਉਨ੍ਹਾਂ ਦੀ ਪਤਨੀ ਰਸ਼ਮੀ ਅਤੇ ਪੁੱਤਰਾਂ ਆਦਿਤਿਆ ਅਤੇ ਤੇਜਸ ਨੂੰ ਪ੍ਰਤੀਵਾਦੀ ਬਣਾਇਆ ਗਿਆ ਹੈ।
ਗੌਰੀ ਦੀ ਪਟੀਸ਼ਨ ਮੁਤਾਬਕ ਸ਼ਿਵ ਸੈਨਾ ਮੁਖੀ, ਉਨ੍ਹਾਂ ਦੇ ਬੇਟੇ ਆਦਿਤਿਆ ਅਤੇ ਰਸ਼ਮੀ ਨੇ ਆਪਣੀ ਆਮਦਨ ਦੇ ਅਧਿਕਾਰਕ ਸੋਮੇ ਦੇ ਰੂਪ ਵਿਚ ਕਿਸੇ ਵਿਸ਼ੇਸ਼ ਸੇਵਾ, ਪੇਸ਼ੇ ਅਤੇ ਕਾਰੋਬਾਰ ਦਾ ਖੁਲਾਸਾ ਨਹੀਂ ਕੀਤਾ ਹੈ ਅਤੇ ਫਿਰ ਵੀ ਉਨ੍ਹਾਂ ਕੋਲ ਮੁੰਬਈ, ਰਾਏਗੜ੍ਹ ਜ਼ਿਲੇ ਵਿਚ ਜਾਇਦਾਦ ਹੈ, ਜੋ ਕਰੋੜਾਂ ਵਿਚ ਹੋ ਸਕਦੀ ਹੈ। ਪਟੀਸ਼ਨ ਵਿਚ ਅੱਗੇ ਦੋਸ਼ ਲਾਇਆ ਗਿਆ ਹੈ ਕਿ ਊਧਵ ਠਾਕਰੇ ਨੇ ਨਾਜਾਇਜ਼ ਰੂਪ ਨਾਲ ਜਾਇਦਾਦ ਇਕੱਠੀ ਕੀਤੀ ਹੈ।