ਸੁਪਰਸਟਾਰ ਸ਼ਾਹਰੁਖ ਖ਼ਾਨ ਦੀ ਪ੍ਰਸਿਧੀ ਦੁਨੀਆਂ ਭਰ ‘ਚ ਹੈ। ਉਨਾਂ ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਅਕਸਰ ਵੱਖ-ਵੱਖ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਹਾਲ ਹੀ ‘ਚ ਸ਼ਾਹਰੁਖ ਖ਼ਾਨ ਨੇ ਸਾਊਦੀ ਅਰਬ ‘ਚ ਆਪਣੀ ਫ਼ਿਲਮ ਡੰਕੀ ਦੀ ਸ਼ੂਟਿੰਗ ਤੋਂ ਬਾਅਦ ਰੈੱਡ ਸੀਅ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ‘ਚ ਸ਼ਿਰਕਤ ਕੀਤੀ ਜਿੱਥੇ ਉਸ ਨੂੰ ਇੱਕ ਖ਼ਾਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਉਸ ਨੇ ਸਟੇਜ ‘ਤੇ ਵੀ ਜ਼ਬਰਦਸਤ ਰੰਗ ਬੰਨ੍ਹਿਆ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਰੈੱਡ ਸੀਅ ਇੰਟਰਨੈਸ਼ਨਲ ਫ਼ਿਲਮ ਫ਼ੈਸਟੀਵਲ ਦਾ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ਼ ਐਵਾਰਡ ਲੈਣ ਲਈ ਸਟੇਜ ਵੱਲ ਵਧਦਾ ਹੈ ਜਦੋਂ ਕਿ ਅਗਲੀ ਕਤਾਰ ‘ਚ ਬੈਠੀ ਪ੍ਰਿਯੰਕਾ ਚੋਪੜਾ ਤਾੜੀਆਂ ਵਜਾ ਕੇ ਉਸ ਨੂੰ ਚੀਅਰ ਕਰਦੀ ਹੈ।
ਦੱਸ ਦਈਏ ਕਿ ਸ਼ਾਹਰੁਖ ਖ਼ਾਨ ਨੂੰ ਇਹ ਐਵਾਰਡ ਫ਼ਿਲਮ ਇੰਡਸਟਰੀ ‘ਚ ਉਸ ਦੇ ਸ਼ਾਨਦਾਰ ਕੰਮ ਲਈ ਦਿੱਤਾ ਗਿਆ ਹੈ। ਪ੍ਰਿਯੰਕਾ ਚੋਪੜਾ ਅਤੇ ਸ਼ਾਹਰੁਖ ਖ਼ਾਨ ਡੌਨ ਅਤੇ ਡੌਨ 2 ਵਰਗੀਆਂ ਫ਼ਿਲਮਾਂ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਇਹ ਸਨਮਾਨ ਹਾਸਿਲ ਕਰਨ ‘ਤੇ ਪ੍ਰਿਯੰਕਾ ਚੋਪੜਾ ਨੇ ਸ਼ਾਹਰੁਖ਼ ਨੂੰ ਵਧਾਈ ਦਿੱਤੀ।
ਦੱਸਣਯੋਗ ਹੈ ਕਿ ਸ਼ਾਹਰੁਖ਼ ਖ਼ਾਨ ਨੇ ਤਿਉਹਾਰ ਦੇ ਮੰਚ ‘ਤੇ ਇੱਕ ਵੱਖਰਾ ਮਾਹੌਲ ਸਿਰਜਿਆ। ਸ਼ਾਹਰੁਖ਼ ਅਤੇ ਕਾਜੋਲ ਨੇ ਰੈੱਡ ਸੀਅ ਫ਼ਿਲਮ ਫ਼ੈਸਟੀਵਲ ‘ਚ ਸ਼ਿਰਕਤ ਕੀਤੀ ਕਿਉਂਕਿ ਉਸ ਦੀ ਬਲੌਕਬੱਸਟਰ ਦਿਲਵਾਲੇ ਦੁਲਹਨੀਆ ਲੇ ਜਾਏਂਗੇ ਇੱਥੇ ਸ਼ੁਰੂਆਤੀ ਫ਼ਿਲਮ ਸੀ।
ਇੱਕ ਕਲਿੱਪ ‘ਚ ਸ਼ਾਹਰੁਖ਼ ਕਾਜੋਲ ਲਈ DDLJ ਦਾ ਗੀਤ ਤੁਝੇ ਦੇਖਾ ਤੋ ਗਾਉਂਦਾ ਨਜ਼ਰ ਆ ਰਿਹਾ ਹੈ। ਉਸ ਨੇ ਕਾਜੋਲ ਲਈ ਬਾਜ਼ੀਗਰ ਦੀ ਪੰਚ ਲਾਈਨ ਵੀ ਗੁਣਗੁਣਾਈ।