ਲੁਧਿਆਣਾ ਤੋਂ ਵੱਡੀ ਖ਼ਬਰ : ਜ਼ਬਰਦਸਤ ਧਮਾਕੇ ਕਾਰਨ ਬਜ਼ੁਰਗ ਦੀ ਮੌਤ

ਲੁਧਿਆਣਾ : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਇੱਥੇ ਇਕ ਕਰਿਆਨਾ ਸਟੋਰ ‘ਤੇ ਰੱਖੇ ਫਰਿੱਜ ਦੇ ਕੰਪ੍ਰੈਸ਼ਰ ‘ਚ ਧਮਾਕਾ ਹੋ ਗਿਆ। ਇਸ ਕਾਰਨ ਬਜ਼ੁਰਗ ਦੁਕਾਨਦਾਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਹਿੰਦਰਪਾਲ (62) ਦੇ ਰੂਪ ‘ਚ ਹੋਈ ਹੈ। ਜਾਣਕਾਰੀ ਮੁਤਾਬਕ ਇਹ ਘਟਨਾ ਕੈਲਾਸ਼ ਨਗਰ ਰੋਡ ਬਸਤੀ ਜੋਧੇਵਾਲ ਵੜੈਚ ਮਾਰਕਿਟ ਦੀ ਹੈ, ਜਿੱਥੇ ਫਰਿੱਜ ਦੇ ਕੰਪ੍ਰੈਸ਼ਰ ‘ਚ ਧਮਾਕਾ ਹੋ ਗਿਆ।
ਇਸ ਮਗਰੋਂ ਤਾਰਾਂ ‘ਚ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਅੱਗ ਵੱਧਦੀ ਦੇਖ ਦੁਕਾਨਦਾਰ ਖ਼ੁਦ ਨੂੰ ਸੰਭਾਲ ਨਹੀਂ ਸਕਿਆ ਅਤੇ ਦੇਖਦੇ ਹੀ ਦੇਖਦੇ ਅੱਗ ਉਸ ਦੇ ਕੱਪੜਿਆਂ ਨੂੰ ਲੱਗ ਗਈ। ਦੁਕਾਨ ‘ਚੋਂ ਧੂੰਆਂ ਨਿਕਲਦਾ ਦੇਖ ਆਸ-ਪਾਸ ਦੇ ਲੋਕ ਇਕੱਠੇ ਹੋਏ, ਜਿਨ੍ਹਾਂ ਨੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ, ਜਿਨ੍ਹਾਂ ਨੇ ਕਾਫੀ ਮੁਸ਼ੱਕਤ ਮਗਰੋਂ ਅੱਗ ‘ਤੇ ਕਾਬੂ ਪਾਇਆ। ਬਜ਼ੁਰਗ ਨੂੰ ਦੁਕਾਨ ਤੋਂ ਬਾਹਰ ਲਿਆਂਦਾ ਗਿਆ ਪਰ ਉਸ ਦੀ ਮੌਤ ਹੋ ਚੁੱਕੀ ਸੀ।