ਮੌਦਗਿੱਲ ਦੀ ਮੌਤ ‘ਤੇ ਡਾ ਪਾਤਰ ਨੇ ਦੁੱਖ ਪ੍ਰਗਟਾਇਆ

ਨਿੰਦਰ ਘੁਗਿਆਣਵੀ
ਚੰਡੀਗੜ੍ਹ: ਇਸੇ ਹਫ਼ਤੇ ਸਦੀਵੀ ਵਿਛੋੜਾ ਦੇ ਗਏ ਨਾਮਵਰ ਲੇਖਕ ਤੇ ਪੰਜਾਬੀ ਅਕਾਦਮੀ ਹਰਿਆਣਾ ਦੇ ਸਾਬਕਾ ਡਾਇਰੈਕਟਰ, ਭਾਸ਼ਾ ਵਿਭਾਗ ਪੰਜਾਬ ਦੇ ਸਾਬਕਾ ਡਿਪਟੀ ਡਾਇਰੈਕਟਰ ਸੀ. ਆਰ. ਮੌਦਗਿੱਲ ਨੂੰ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਨੇ ਸ਼ਰਧਾਂਜਲੀ ਭੇਂਟ ਕੀਤੀ ਹੈ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਆਪਣੇ ਸ਼ੋਕ ਸੰਦੇਸ਼ ਵਿੱਚ ਆਖਿਆ ਕਿ ਦੋ ਦਰਜਨ ਪੁਸਤਕਾਂ ਦੇ ਲੇਖਕ ਛੋਟੂ ਰਾਮ ਮੌਦਗਿੱਲ ਜੀ ਇਕ ਬੜੀ ਪਿਆਰੀ ਸ਼ਖ਼ਸੀਅਤ ਦੇ ਮਾਲਕ ਸਨ। ਉਨਾਂ ਵੱਖ ਵੱਖ ਸਾਹਿਤਕ ਅਦਾਰਿਆਂ ‘ਚ ਕਾਰਜ ਕਰਦਿਆਂ ਆਪਣੀ ਨਿਵੇਕਲੀ ਕਾਰਜ ਸ਼ੈਲੀ ਦੀ ਛਾਪ ਛੱਡੀ।
ਡਾ. ਪਾਤਰ ਨੇ ਉਨਾਂ ਨੂੰ ਮਾਂ ਬੋਲੀ ਪੰਜਾਬੀ ਦੇ ਮਹਾਨ ਸਪੂਤ ਆਖਿਆ। ਪਰਿਸ਼ਦ ਦੇ ਉਪ ਚੇਅਰਮੈਨ ਡਾ ਯੋਗਰਾਜ ਨੇ ਆਪਣੇ ਸ਼ੋਕ ਸੰਦੇਸ਼ ‘ਚ ਆਖਿਆ ਕਿ ਮੌਦਗਿੱਲ ਜੀ ਦਾ ਇਕ ਇਕ ਸਵਾਸ ਮਾਂ ਬੋਲੀ ਦੇ ਲੇਖੇ ਲੱਗਿਆ। ਉਹ ਆਖੀਰ ਤੀਕ ਆਪਣੇ ਪਿੰਡ ਬਹਾਦਰਪੁਰ ਦੁੱਗਾਂ ਨਾਲ ਜੁੜੇ ਰਹੇ। ਪਰਿਸ਼ਦ ਦੇ ਸਕੱਤਰ ਡਾ. ਲਖਵਿੰਦਰ ਜੌਹਲ ਨੇ ਆਖਿਆ ਕਿ ਮੌਦਗਿੱਲ ਜੀ ਦੀਆਂ ਰਚਿਤ ਵਾਰਤਕ ਪੁਸਤਕਾਂ ਪੰਜਾਬੀ ਵਾਰਤਕ ਦੀ ਵਿਧਾ ਨੂੰ ਨਿਵੇਕਲੀ ਨੁਹਾਰ ਦੇਣ ਵਾਲੀਆਂ ਹਨ। ਉਨਾਂ ਦੀ ਸਵੈ ਜੀਵਨੀ ਪੜਨਯੋਗ ਪੁਸਤਕਾਂ ਵਿੱਚ ਸ਼ਾਮਿਲ ਹੈ। ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਨੇ ਆਖਿਆ ਕਿ ਮੌਦਗਿੱਲ ਆਪਣੀ ਹਰਮਨ ਪਿਆਰੀ ਹਸਤੀ ਦਿ ਛਾਪ ਸਦਕਾ ਪੰਜਾਬੀ ਜਗਤ ਦੇ ਦਿਲਾਂ ‘ਚ ਵਸਦੇ ਰਹਿਣਗੇ। ਕਲਾ ਪਰਿਸ਼ਦ ਦੇ ਮੀਡੀਆ ਕੋਔਰਡੀਨੇਟਰ ਨਿੰਦਰ ਘੁਗਿਆਣਵੀ ਨੇ ਆਪਣਾ ਸ਼ੋਕ ਪ੍ਰਗਟਾਉਂਦਿਆਂ ਮੌਦਗਿੱਲ ਜੀ ਨਾਲ ਬਿਤਾਏ ਆਪਣੇ ਲੰਬੇ ਸਮੇਂ ਦੇ ਸਫ਼ਰ ਨੂੰ ਯਾਦਗਾਰੀ ਦੱਸਿਆ ਅਤੇ ਕਿਹਾ ਕਿ ਉਹ ਉਨਾਂ ਦੇ ਪ੍ਰੇਰਨਾ ਸਰੋਤ ਸਨ। ਮੌਦਗਿੱਲ ਦੀ ਅੰਤਮ ਅਰਦਾਸ 16 ਦਸੰਬਰ ਨੂੰ ਕੁਰੂਕਸ਼ੇਤਰ ‘ਚ ਹੋਵੇਗੀ।