ਜਲੰਧਰ ਰੇਡੀਓ ਦੀ ਲਾਇਬ੍ਰੇਰੀ

ਰੇਡੀਓ ਦੀਆਂ ਯਾਦਾਂ (31)
ਡਾ. ਦੇਵਿੰਦਰ ਮਹਿੰਦਰੂ
ਜਲੰਧਰ ਰੇਡੀਓ ਦੀ ਲਾਇਬ੍ਰੇਰੀ ਦਾ ਇੱਕ ਅਲੱਗ ਜਿਹਾ ਜਾਦੂ ਸੀ। ਬਹੁਤ ਲਾਇਬ੍ਰੇਰੀਆਂ ਦੇਖ ਚੁੱਕੀ ਸਾਂ ਉੱਥੇ ਆਉਣ ਤੋਂ ਪਹਿਲਾਂ। ਸਭ ਤੋਂ ਪਹਿਲਾਂ ਆਪਣੇ ਹਾਈ ਸਕੂਲ ਸੰਦੌੜ ਦੀ ਲਾਇਬ੍ਰੇਰੀ ਜਿੱਥੋਂ ਨੌਂਵੀਂ ਕਲਾਸ ‘ਚ ਪੜ੍ਹਦਿਆਂ ਸ਼ਰਤ ਚੰਦਰ ਦਾ ਬਿਰਾਜ ਬਹੂ ਨਾਵਲ ਲੈ ਕੇ ਹਿਸਾਬ ਦੇ ਪੀਰਿਅਡ ‘ਚ ਕਿਤਾਬ ਦੇ ਅੰਦਰ ਰੱਖ ਕੇ ਚੋਰੀ ਚੋਰੀ ਪੜ੍ਹਿ÷ ਆ ਸੀ। ਲੱਗਿਆ ਸੀ ਇਸ ਤਰ੍ਹਾਂ ਦੀਆਂ ਕਿਤਾਬਾਂ ਹੀ ਪੜ੍ਹਨੀਆਂ ਚਾਹੀਦੀਆਂ ਹਨ, ਇਹ ਕੋਰਸ ਦੀਆਂ ਕਿਤਾਬਾਂ ਵੀ ਕੋਈ ਪੜ੍ਹਨ ਵਾਲੀਆਂ ਚੀਜ਼ਾਂ ਹਨ? ਕਿਸੇ ਕਮਰੇ ‘ਚ ਇੱਕ ਅਲਮਾਰੀ ‘ਚ ਰੱਖੀਆਂ ਥੋੜ੍ਹੀਆਂ ਜਿਹੀਆਂ ਕਿਤਾਬਾਂ, ਬੱਸ ਇੰਨੀ ਕੁ ਲਾਇਬ੍ਰੇਰੀ ਸੀ ਉਹ।
ਦਸਵੀਂ ਤੋਂ ਬਾਅਦ ਘਰ ਬੈਠ ਕੇ ਪੜ੍ਹਦਿਆਂ, ਪੇਪਰ ਦਿੰਦਿਆਂ ਕੋਈ ਲਾਇਬ੍ਰੇਰੀ ਨਹੀਂ ਦੇਖੀ। MA ਕਰਨ ਤੋਂ ਬਾਅਦ ਲਾਇਬ੍ਰੇਰੀ ਸਾਇੰਸ ਦਾ ਡਿਗਰੀ ਕੋਰਸ ਕਰਨ ਪੰਜਾਬੀ ਯੂਨੀਵਰਸਿਟੀ ‘ਚ ਡਿਪਾਰਟਮੈਂਟ ਹੀ ਲਾਇਬ੍ਰੇਰੀ ਸੀ ਮੇਰੀ। ਐਨੀ ਵੱਡੀ ਲਾਇਬ੍ਰੇਰੀ, ਕਿਤਾਬਾਂ ਹੀ ਕਿਤਾਬਾਂ, ਮੈਗਜ਼ੀਨ ਹੀ ਮੈਗਜ਼ੀਨ ਅਤੇ ਵੱਡੇ ਵੱਡੇ ਰੀਡਿੰਗ ਰੂਮ, ਕਿਤਾਬਾਂ ਦਾ ਵਿਸ਼ਾਲ ਸੰਸਾਰ। ਬਾਅਦ ‘ਚ ਦੋ ਚਾਰ ਕਾਲਜਾਂ ‘ਚ ਨੌਕਰੀ ਕੀਤੀ, ਕਲਾਸਾਂ ਵੀ ਪੜ੍ਹਾਈਆਂ ਪਰ ਨੌਕਰੀ ਕਿਉਂਕਿ ਲਾਇਬ੍ਰੇਰੀਅਨ ਦੀ ਹੀ ਹੁੰਦੀ ਸੀ, ਜ਼ਿਆਦਾ ਕੰਮ ਲਾਇਬ੍ਰੇਰੀਆਂ ‘ਚ ਹੀ ਕੀਤਾ।
ਦੂਰਦਰਸ਼ਨ ਸ਼੍ਰੀਨਗਰ ਦੀ ਲਾਇਬ੍ਰੇਰੀ ਮੈਨੂੰ ਕੁਝ ਹੋਰ ਹੀ ਲੱਗਦੀ ਸੀ। ਫ਼ੋਟੋਗਰਾਫ਼ਜ਼, ਟੇਪਾਂ, ਥੋੜ੍ਹੀਆਂ ਜਿਹੀਆਂ ਕਿਤਾਬਾਂ, ਬਹੁਤ ਸਾਰੇ ਮੈਗਜ਼ੀਨ ਅਤੇ ਅਖ਼ਬਾਰਾਂ। ਜਲੰਧਰ ਰੇਡੀਓ ਦੀ ਲਾਇਬ੍ਰੇਰੀ ਦੋ ਹਿੱਸਿਆਂ ‘ਚ ਵੰਡੀ ਹੋਈ ਸੀ। ਕਿਤਾਬਾਂ ਦਾ ਭੰਡਾਰ ਸੀ, ਮੈਗਜ਼ੀਨ ਸਨ, ਗਰਾਮੋਫ਼ੋਨ ਰਿਕਾਰਡ ਸਨ, ਇੱਕ ਹਿੱਸੇ ‘ਚ ਟੇਪਾਂ ਦੀ ਲਾਇਬ੍ਰੇਰੀ ਅਲੱਗ। ਉੱਥੇ ਰਹਿੰਦਿਆਂ ਮੈਂ ਅਨੰਤ ਕਿਤਾਬਾਂ ਪੜ੍ਹੀਆਂ, ਲਾਇਬ੍ਰੇਰੀ ਵਾਸਤੇ ਅੱਛੀਆਂ ਤੋਂ ਅੱਛੀਆਂ ਕਿਤਾਬਾਂ ਖ੍ਵਰੀਦੀਆਂ। ਮੇਰੀ ਜਦੋਂ ਪ੍ਰਮੋਸ਼ਨ ਹੋਈ ਅਤੇ ਡਿਊਟੀ ਅਫ਼ਸਰ ਬਣੀ ਤਾਂ ਕਿਉਂਕਿ ਹੁਣ ਲਾਇਬਰੇਰੀਅਨ ਕੋਈ ਨਹੀਂ ਸੀ ਉੱਥੇ, ਮੈਂ ਬਿਨਾਂ ਕਿਸੇ ਔਨਰੇਰੀਅਮ ਦੇ ਅਸਿਸਟੈਂਟ ਦੀ ਸਹਾਇਤਾ ਨਾਲ, ਆਪਣੀਆਂ ਡਿਊਟੀ ਰੂਮ ਦੀਆਂ ਸ਼ਿਫ਼ਟ ਡਿਊਟੀਆਂ ਦੇ ਨਾਲ ਨਾਲ ਲਾਇਬ੍ਰੇਰੀ ਦਾ ਸਾਰਾ ਕੰਮ ਵੀ ਸਾਲੋ ਸਾਲ ਕੀਤਾ। ਇੱਥੋਂ ਤਕ ਕਿ ਮੇਰੀ ਅਗਲੀ ਪ੍ਰਮੋਸ਼ਨ ਜਦੋਂ ਪ੍ਰੋਗਰਾਮ ਐਗਜ਼ੈਕਟਿਵ ਦੀ ਹੋਈ ਤਾਂ ਹਰ ਕੇਂਦਰ ਨਿਰਦੇਸ਼ਕ ਨੇ ਮੈਨੂੰ ਲਾਇਬ੍ਰੇਰੀ ਇੰਚਾਰਜ ਬਣਾਇਆ, ਬਿਨਾਂ ਮੈਨੂੰ ਪੁੱਛੇ ਦੱਸੇ ਜਿਵੇਂ ਇਸ ਕੰਮ ਲਈ ਹੋਰ ਕਿਸੇ ਬਾਰੇ ਤਾਂ ਸੋਚਿਆ ਹੀ ਨਹੀਂ ਸੀ ਜਾ ਸਕਦਾ। ਤੇ ਮੈਂ ਇਸ ਕੰਮ ਨੂੰ ਬੜੇ ਮਾਣ ਤੇ ਅਪਣੱਤ ਨਾਲ ਕੀਤਾ। ਜਲੰਧਰ ਕੀ, ਧਰਮਸ਼ਾਲਾ, ਸ਼ਿਮਲਾ, ਚੰਡੀਗੜ੍ਹ ਜਿੱਥੇ ਵੀ ਜਾਣਾ ਹੋਇਆ, ਲਾਇਬ੍ਰੇਰੀ ਇੰਚਾਰਜ ਮੈਂ ਹੀ ਰਹੀ। ਭਾਵੇਂ ਆਰਡਰ ਕਿਸੇ ਹੋਰ ਨੇ ਕੀਤੇ ਜਾਂ ਆਪ ਕੀਤੇ।
ਵਾਪਿਸ ਜਲੰਧਰ ਰੇਡੀਓ ਦੀ ਲਾਇਬ੍ਰੇਰੀ ‘ਤੇ ਆਉਂਦੇ ਹਾਂ। ਰੇਡੀਓ ‘ਤੇ ਪ੍ਰਸਾਰਿਤ ਕਰਨ ਲਈ ਜਿੰਨੇ ਵੀ ਗਰਾਮੋਫ਼ੋਨ ਰਿਕਾਰਡ ਇਸ਼ੂ ਕੀਤੇ ਜਾਂਦੇ ਸਨ, ਉਨ੍ਹਾਂ ਨੂੰ ਚੈੱਕ ਵੀ ਕਰਨਾ ਹੁੰਦਾ ਸੀ ਕਿ ਕਿਤੇ ਕੋਈ ਟਰੈਕ ਬੈਕ ਤਾਂ ਨਹੀਂ। ਅਤੇ ਇਸ ਲਈ ਰਿਕਾਰਡ ਪਲੇਅਰ ਸੀ ਲਾਇਬ੍ਰੇਰੀ ਵਿੱਚ। ਅੱਛੀਆਂ ਕਿਤਾਬਾਂ ਖ਼ਰੀਦਣਾ ਅਤੇ ਪੜ੍ਹਨਾ ਤੇ ਆਪਣੀ ਪਸੰਦ ਦੇ ਰਿਕਾਰਡ ਸੁਣਨਾ ਸ਼ੌਕ ਸੀ ਮੇਰਾ। ਮੇਰੀ ਲਾਇਬ੍ਰੇਰੀ ‘ਚ ਰਿਕਾਰਡ ਪਲੇਅਰ ਹੈ, ਅਤੇ ਮੈਂ ਕੰਮ ਕਰਦਿਆਂ ਕਰਦਿਆਂ ਸੰਗੀਤ ਸੁਣ ਸਕਦੀ ਹਾਂ, ਇਸ ਤੋਂ ਵੱਧ ਕੋਈ ਕੀ ਮੰਗ ਸਕਦਾ ਸੀ ਉੱਪਰ ਵਾਲੇ ਤੋਂ। ਇੱਥੇ ਕੰਮ ਕਰਦਿਆਂ ਨੂਰਜਹਾਂ, ਮਹਿੰਦੀ ਹਸਨ ਅਤੇ ਫ਼ਰੀਦਾ ਖ਼ਾਨਮ ਨੂੰ ਰੱਜ ਰੱਜ ਕੇ ਸੁਣਿਆ:
ਜਵਾਂ ਹੈ ਮੁਹੱਬਤ ਹਸੀਂ ਹੈ ਜ਼ਮਾਨਾ; ਗੁਲੋਂ ਮੇਂ ਰੰਗ ਭਰੇ ਬਾਦ- ਏ- ਨੌਬਹਾਰ ਚਲੇ; ਆਜ ਜਾਨੇ ਕੀ ਜ਼ਿਦ ਨਾ ਕਰੋ, ਆਦਿ, ਅਤੇ ਉਸ ਤੋਂ ਬਾਅਦ ਜਿਸ ਰਿਕਾਰਡ ਨੂੰ ਸਭ ਤੋਂ ਜ਼ਿਆਦਾ ਸੁਣਿਆ, ਉਹ ਸੀ ਫ਼ਿਲਮ ਜਹਾਂਆਰਾ ਦਾ ਗੀਤ ਫ਼ਿਰ ਵਹੀ ਸ਼ਾਮ ਵਹੀ ਗ਼ਮ ਵਹੀ ਤਨਹਾਈ ਹੈ, ਦਿਲ ਕੋ ਸਮਝਾਨੇ ਤੇਰੀ ਯਾਦ ਚਲੀ ਆਈ ਹੈ ਜਾਂ ਜਬ ਜਬ ਤੁਮਹੇਂ ਭੁਲਾਯਾ, ਤੁਮ ਔਰ ਯਾਦ ਆਏ।
ਮੁਸੀਬਤ ਉਦੋਂ ਹੁੰਦੀ ਸੀ ਜਦੋਂ ਨੀਡਲ ਮਤਲਬ ਕਿ ਸੂਈ ਟੁੱਟ ਜਾਂਦੀ ਸੀ ਰਿਕਾਰਡ ਪਲੇਅਰ ਦੀ ਅਤੇ ਨਵੀਂ ਸੂਈ ਲੈਣ ਲਈ ਬਹੁਤ ਤਰੱਦਦ ਕਰਨੇ ਪੈਂਦੇ ਸਨ। ਇੰਜਨੀਅਰ ਵਿੰਗ ਦੇ ਸਟੋਰ ‘ਚੋਂ ਇਹ ਸੂਈ ਲੈਣੀ ਪੈਂਦੀ ਸੀ, ਅਤੇ ਉਹ ਮੰਨਣ ਲਈ ਤਿਆਰ ਨਹੀਂ ਸਨ ਹੁੰਦੇ ਕਿ ਇਹ ਇੰਨੀ ਜਲਦੀ ਟੁੱਟ ਗਈ ਸੀ। ਫ਼ੇਰ ਮੈਨੂੰ ਸੁਪਰਇਨਟੈਨਡੈਂਟ ਇੰਜਨੀਅਰ ਦੀ ਸਿਫ਼ਾਰਸ਼ ਪੁਆਉਣੀ ਪੈਂਦੀ ਸੀ ਜਿੰਨ੍ਹਾਂ ਦਾ ਕਮਰਾ ਲਾਇਬ੍ਰੇਰੀ ਦੇ ਨਾਲ ਸੀ। ਉਨ੍ਹਾਂ ਨੂੰ ਕਾਰਨ ਪਤਾ ਹੁੰਦਾ ਸੀ ਕਿਉਂਕਿ ਸਾਰਾ ਦਿਨ ਮੇਰਾ ਇਹ ਸੰਗੀਤ ਉਨ੍ਹਾਂ ਨੂੰ ਵੀ ਸੁਣਨਾ ਪੈਂਦਾ ਸੀ ਪਰ ਉਹ (ਡੀ. ਪੀ. ਸਿੰਘ ਨਾਂ ਸੀ ਉਨ੍ਹਾਂ ਦਾ) ਇੰਨੇ ਅੱਛੇ ਸਨ ਕਿ ਸਟੋਰ ਕੀਪਰ ਨੂੰ ਕਹਿੰਦੇ, ”ਮੈਡਮ ਦੇ ਰਿਕਾਰਡ ਪਲੇਅਰ ਵਾਸਤੇ ਇਕੱਠੀਆਂ ਸੂਈਆਂ ਮੰਗਵਾ ਦਵੋ ਅਤੇ ਇਨ੍ਹਾਂ ਨੂੰ ਕਹੋ ਖ਼ੁਦ ਔਪਰੇਟ ਕਰਿਆ ਕਰਨ, ਕਿਸੇ ਹੋਰ ਨੂੰ ਨਾ ਹੱਥ ਲਾਉਣ ਦਿਆ ਕਰਨ।” ਕੁਝ ਸਾਲ ਪਹਿਲਾਂ ਸ਼ਿਮਲੇ ਮਿਲੇ ਸਨ, ਮੈਂ ਉਨ੍ਹਾਂ ਨੂੰ ਇਹ ਗੱਲ ਯਾਦ ਕਰਵਾਈ, ਕਹਿੰਦੇ, ”ਤੁਹਾਡਾ ਟੇਸਟ ਏਨਾ ਅੱਛਾ ਹੈ, ਮੈਂ ਵੀ ਤਾਂ ਸੁਣਦਾ ਰਹਿੰਦਾ ਸੀ ਐਨਾ ਅੱਛਾ ਸੰਗੀਤ।”
ਇਸ ਲਾਇਬ੍ਰੇਰੀ ਨਾਲ ਜੁੜੀ ਇੱਕ ਹੋਰ ਗੱਲ ਕਰਨੀ ਚਾਹਾਂਗੀ। ਜਲੰਧਰ ਹੋਇਆ ਪੰਜਾਬ ਦਾ ਕੈਪੀਟਲ ਸਟੇਸ਼ਨ। ਭਾਰਤ ਦੇ ਹਰ ਕੈਪੀਟਲ ਰੇਡੀਓ ਸਟੇਸ਼ਨ ਨੂੰ ਉਸ ਰਾਜ ਦੀ ਭਾਸ਼ਾ ਦੇ ਗਾਣਿਆਂ ਦੀ ਸਕਰੀਨਿੰਗ ਕਰਨੀ ਪੈਂਦੀ ਹੈ ਇੱਕ ਕਮੇਟੀ ਬਣਾ ਕੇ ਕਿ ਕਿਹੜਾ ਗੀਤ ਰੇਡੀਓ ‘ਤੇ ਪ੍ਰਸਾਰਿਤ ਕਰਨ ਯੋਗ ਹੈ ਅਤੇ ਕਿਹੜਾ ਨਹੀਂ। ਹਿੰਦੀ ਗਾਣਿਆਂ ਦੀ ਸਕਰੀਨਿੰਗ ਮੁੰਬਈ ਸਟੇਸ਼ਨ ਕਰਦਾ ਸੀ, ਅਤੇ ਉਹਦੀ ਕਾਪੀ ਸਾਰੇ ਸਟੇਸ਼ਨਾਂ ਨੂੰ ਭੇਜ ਦਿੰਦਾ ਸੀ। ਪੰਜਾਬੀ ਗੀਤਾਂ ਦੀ ਸਕਰੀਨਿੰਗ ਜਲੰਧਰ ਸਟੇਸ਼ਨ ‘ਤੇ ਹੁੰਦੀ ਸੀ, ਅਤੇ ਕਾਪੀ ਸਾਰੇ ਸਟੇਸ਼ਨਾਂ ਨੂੰ ਭੇਜ ਦਿੱਤੀ ਜਾਂਦੀ ਸੀ। ਸਾਰਾ ਰਿਕਾਰਡ ਲਾਇਬ੍ਰੇਰੀ ਵਾਲਿਆਂ ਨੇ ਰੱਖਣਾ ਹੁੰਦਾ ਸੀ।
( ਬਾਕੀ ਅਗਲੇ ਹਫ਼ਤੇ)