ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1469

ਕਿਸੇ ਵੀ ਸ਼ੈਅ ਜਾਂ ਵਿਅਕਤੀ ਤੋਂ ਡਰੋ ਨਾ। ਤੁਹਾਡੇ ਆਤਮ-ਸੰਜਮ ਅਤੇ ਆਤਮ-ਵਿਸ਼ਵਾਸ ਨੂੰ ਖੋਰਾ ਕੌਣ ਲਗਾ ਰਿਹੈ? ਤੁਹਾਨੂੰ ਡਰਾਉਣ ਦੀ ਤਾਕਤ ਕਿਸ ਕੋਲ ਹੈ? ਤੁਹਾਡੇ ਖ਼ੂਦ ਤੋਂ ਸਿਵਾਏ ਕਿਸੇ ਹੋਰ ਕੋਲ ਨਹੀਂ। ਤੁਹਾਡਾ ਇੱਕ ਹਿੱਸਾ ਡਾਵਾਂਡੋਲ ਹੈ। ਇਹੀ ਇੱਕ ਕਾਰਨ ਹੈ ਕਿ ਤੁਸੀਂ ਕਮਜ਼ੋਰ ਮਹਿਸੂਸ ਕਰ ਰਹੇ ਹੋ। ਬਾਹਰਲੀ ਦੁਨੀਆਂ ਵਿਚਲੀਆਂ ਗ਼ਲਤੀਆਂ ਨੂੰ ਸੁਧਾਰਣ ‘ਚ ਆਪਣਾ ਵਕਤ ਜ਼ਾਇਆ ਨਾ ਕਰੋ। ਆਪਣੇ ਉਸ ਅੰਦਰੂਨੀ ਹਿੱਸੇ ‘ਤੇ ਕੰਮ ਕੋਰ ਜਿਹੜਾ ਇਸ ਵਕਤ ਅਲਾਈਨਮੈਂਟ ਤੋਂ ਬਾਹਰ ਦੌੜਿਆ ਫ਼ਿਰਦੈ। ਆਪਣੇ ਦਿਮਾਗ਼ ਨੂੰ ਸ਼ਾਂਤ ਕਰੋ। ਕਿਸੇ ਭੈੜੀ ਯਾਦ ਨੂੰ ਬਦਲੋ। ਅਤੀਤ ਦੇ ਕਿਸੇ ਸਾਕਾਰਾਤਮਕ ਪਹਿਲੂ ਬਾਰੇ ਸੋਚੋ। ਫ਼ਿਰ ਤੁਸੀਂ ਭਲੀ ਪ੍ਰਕਾਰ ਦੇਖ ਸਕੋਗੇ ਕਿ ਤੁਹਾਡਾ ਵਰਤਮਾਨ ਅਤੇ ਭਵਿੱਖ ਸੰਭਾਵੀ ਤੌਰ ‘ਤੇ ਸ਼ਾਨਦਾਰ ਕਿਹੜੀ ਗੱਲੋਂ ਹੈ।

ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਵਾਪਰਣ ਵਾਲੀਆਂ ਘਟਨਾਵਾਂ ਇਸ ਵਕਤ ਉਸ ਤੋਂ ਵੱਧ ਦੀ ਮੰਗ ਕਰ ਰਹੀਆਂ ਹਨ ਜਿੰਨਾ ਤੁਸੀਂ ਕਦੇ ਸੋਚਿਆ ਸੀ ਕਿ ਉਹ ਕਰਨਗੀਆਂ। ਪਰ ਉਹ ਗ਼ੈਰ-ਮਾਮੂਲੀ ਹੱਦ ਤਕ ਫ਼ਲਦਾਇਕ ਵੀ ਸਾਬਿਤ ਹੋਣ ਵਾਲੀਆਂ ਹਨ। ਤੁਹਾਨੂੰ ਆਪਣੀ ਉਸ ਕੋਸ਼ਿਸ਼ ‘ਤੇ ਪਛਤਾਵਾ ਨਹੀਂ ਹੋਵੇਗਾ ਜਿਹੜਾ ਇਸ ਵਕਤ ਜੀਵਨ ਤੁਹਾਨੂੰ ਕਰਨ ਲਈ ਕਹਿ ਰਿਹਾ ਹੈ। ਮੈਂ ਇਹ ਕਹਿਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਕਿ ਤੁਹਾਨੂੰ ਇਹ ਸਭ ਇਸ ਲਈ ਭੁਗਤਣਾ ਪੈ ਰਿਹੈ ਕਿਉਂਕਿ ਜੇ ਤੁਸੀਂ ਹੁਣ ਇਹ ਸਹਿ ਲਿਆ ਤਾਂ, ਇੱਕ ਦਿਨ, ਤੁਹਾਨੂੰ ਇਸਦਾ ਮੁਆਵਜ਼ਾ ਮਿਲੇਗਾ। ਪਰ ਜੇ ਤੁਸੀਂ ਇੰਨੇ ਕੁ ਬਹਾਦਰ ਬਣ ਸਕੇ ਕਿ ਆਪਣੀ ਭਾਵਨਾਤਮਕ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਮਸਲੇ ਬਾਰੇ ਥੋੜ੍ਹਾ ਸੋਚ ਸਕੇ ਤਾਂ ਜੋ ਕੁਝ ਵੀ ਤੁਹਾਨੂੰ ਤੰਗ-ਪਰੇਸ਼ਾਨ ਕਰ ਰਿਹੈ, ਉਹ ਕੋਈ ਬਹੁਤਾ ਵੱਡਾ ਮਸਲਾ ਨਹੀਂ ਰਹੇਗਾ।

ਤੁਸੀਂ ਪਿੱਛੇ ਵੱਲ ਮੂੰਹ ਕਰ ਕੇ ਭਵਿੱਖ ‘ਚ ਦਾਖ਼ਲ ਨਹੀਂ ਹੋ ਸਕਦੇ। ਨਾ ਹੀ ਤੁਸੀਂ ਮੁੜ-ਮੁੜ ਕੇ ਪਿੱਛੇ ਦੇਖਦੇ ਰਹਿ ਸਕਦੇ ਹੋ। ਅਜਿਹਾ ਕਰਨ ਨਾਲ ਤੁਸੀਂ ਠੇਡਾ ਖਾ ਕੇ ਡਿਗ ਜਾਓਗੇ, ਜਾਂ ਇਸ ਤੋਂ ਵੀ ਭੈੜਾ … ਇਹ ਇਸ ਗੱਲ ਦਾ ਸੰਕੇਤ ਮੰਨ ਲਿਆ ਜਾਵੇਗਾ (ਖ਼ਾਸਕਰ ਉਸ ਵਲੋਂ ਜਿਸ ਬਾਰੇ ਤੁਹਾਨੂੰ ਡਰ ਹੈ ਕਿ ਤੁਹਾਡਾ ਪਿੱਛਾ ਕਰਦੇ ਕਰਦੇ ਉਹ ਕਿਤੇ ਤੁਹਾਡੇ ਭਵਿੱਖ ‘ਚ ਵੀ ਨਾ ਦਾਖ਼ਲ ਹੋ ਜਾਵੇ) ਕਿ ਤੁਹਾਨੂੰ ਹਾਲੇ ਵੀ ਉਸ ਦੀ ਤਾਂਘ ਹੈ। ਉਹ ਕੱਲ੍ਹ ਜਿਸ ਬਾਰੇ ਤੁਸੀਂ ਬਹੁਤ ਪਹਿਲਾਂ ਖ਼ੁਦ ਨਾਲ ਵਾਅਦਾ ਕੀਤਾ ਸੀ ਕਿ ਇੱਕ ਦਿਨ ਆਏਗਾ, ਉਹ, ਦਰਅਸਲ, ਇੱਥੇ ਹੈ। ਜਾਂ ਘੱਟੋਘੱਟ, ਉਹ ਹੈ ਜੇਕਰ ਤੁਸੀਂ ਇਹ ਮੰਨਣ ਨੂੰ ਤਿਆਰ ਹੋ, ਅਤੇ ਉਸ ਨੂੰ ਇਹ ਮੌਕਾ ਦੇਣ ਲਈ ਵੀ ਕਿ ਉਹ ਪੁਰਾਣੀਆਂ ਉਮੀਦਾਂ ਦੀਆਂ ਬੇੜੀਆਂ ਤੋਂ ਆਜ਼ਾਦ ਆਪਣਾ ਖ਼ੁਦ ਦਾ ਜਾਦੂ ਫ਼ੈਲਾ ਸਕੇ।

ਤੁਸੀਂ ਹਰ ਸ਼ੈਅ ਨਿਯਮਾਂ ਦੀ ਕਿਤਾਬ ਅਨੁਸਾਰ ਕਰਨ ‘ਚ ਬਹੁਤਾ ਯਕੀਨ ਨਹੀਂ ਰੱਖਦੇ। ਉਹ ਕਿਤਾਬ ਤਾਂ ਬਹੁਤ ਸਮਾਂ ਪਹਿਲਾਂ ਕਿਸੇ ਅਜਿਹੇ ਵਿਅਕਤੀ ਵਲੋਂ ਲਿਖੀ ਗਈ ਸੀ ਜਿਸ ਨੂੰ ਤੁਸੀਂ ਜਾਣਦੇ ਤਕ ਨਹੀਂ। ਤੁਸੀਂ, ਪਰ, ਇਖ਼ਲਾਕੀ, ਸਦਾਚਾਰੀ, ਇਮਾਨਦਾਰ ਅਤੇ ਨਿਆਂਪੂਰਨ ਬਣਨ ਦੀ ਕੋਸ਼ਿਸ਼ ਕਰਦੇ ਰਹਿਣ ‘ਚ ਜ਼ਰੂਰ ਯਕੀਨ ਰੱਖਦੇ ਹੋ। ਕਈ ਵਾਰ, ਇੰਝ ਵੀ ਜਾਪਦੈ ਕਿ ਇਸ ਦਿਆਨਤਦਾਰੀ ਦਾ ਨਤੀਜਾ ਬੇਹੱਦ ਪੇਚੀਦਾ ਨਿਕਲਦੈ। ਚੀਜ਼ਾਂ ਜਿਹੜੀਆਂ ਸਾਧਾਰਣ ਹੋਣੀਆਂ ਚਾਹੀਦੀਆਂ ਹਨ, ਉਹ ਹੰਭਾਊ ਅਤੇ ਉਕਤਾਊ ਹੋ ਜਾਂਦੀਆਂ ਨੇ ਕਿਉਂਕਿ ਤੁਸੀਂ ਉਹ ਸ਼ੌਰਟਕੱਟ ਲੈਣ ‘ਚ ਖ਼ੁਦ ਨੂੰ ਨਾਕਾਬਿਲ ਸਮਝਦੇ ਹੋ ਜਿਹੜੇ ਦੂਸਰੇ ਲੋਕ ਲੋੜ ਪੈਣ ‘ਤੇ ਅਕਸਰ ਵਰਤ ਲੈਂਦੇ ਨੇ। ਹੁਣ, ਪਰ, ਘੱਟਘੱਟ ਆਪਣੇ ਭਾਵਨਾਤਮਕ ਜੀਵਨ ‘ਚ, ਤੁਸੀਂ ਇੰਨਾ ਜ਼ਿਆਦਾ ਸਾਊ ਰਵੱਈਆ ਦਿਖਾਉਣ ਦਾ ਲਾਹਾ ਖੱਟਣ ਵਾਲੇ ਹੋ।

ਪਹੀਏ ਦੇ ਮੁਕਾਬਲੇ ਕਿਸੇ ਵੀ ਹੋਰ ਸੌਖੀ ਕਾਢ ਦੀ ਕਲਪਨਾ ਕਰਨੀ ਔਖੀ ਹੈ। ਜ਼ਿੰਦਗੀ ਦੀਆਂ ਬਹੁਤੀਆਂ ਮਹਾਨ ਇਜਾਦਾਂ ਵੀ ਇਸੇ ਤਰ੍ਹਾਂ ਸੁਚੱਜੀਆਂ ਅਤੇ ਸਰਲ ਹੁੰਦੀਆਂ ਹਨ। ਕਿਸੇ ਵੀ ਸਿਰਜਣਾਤਮਕ ਪ੍ਰਕਿਰਿਆ ‘ਚ ਉਹ ਇੱਕ ਗੌਰਵਮਈ ਪਲ ਆ ਹੀ ਜਾਂਦਾ ਹੈ ਜਦੋਂ, ਚੋਣਾਂ ਦੀ ਇੱਕ ਪੇਚੀਦਾ ਸੂਚੀ ਨੂੰ ਪੂਰੀ ਤਰ੍ਹਾਂ ਖੰਗਾਲਣ ਮਗਰੋਂ, ਸਾਨੂੰ ਅੰਤ ‘ਚ ਅਹਿਸਾਸ ਹੁੰਦੈ ਕਿ ਹੁਣ ਬਸ ਆਹ ਇੱਕ ਚੀਜ਼ ਸਾਨੂੰ ਚਾਹੀਦੀ ਹੈ, ਜਾਂ ਫ਼ਿਰ ਉਹ ਇੱਕ ਸ਼ੈਅ। ਆਮ ਤੌਰ ‘ਤੇ ਉਹ ਇੰਨੀ ਕੁ ਪ੍ਰਤੱਖ ਹੁੰਦੀ ਹੈ ਕਿ, ਇੱਕ ਵਾਰ ਉਸ ਨੂੰ ਦੇਖ ਲੈਣ ਤੋਂ ਬਾਅਦ, ਅਸੀਂ ਇਹ ਕਲਪਨਾ ਵੀ ਨਹੀਂ ਸਕਦੇ ਕਿ ਅਸੀਂ ਉਸ ਨੂੰ ਦੇਖਣੋਂ ਖੁੰਝ ਗਏ ਸਾਂ। ਤੁਸੀਂ ਕੋਈ ਹੱਲ ਲੱਭ ਰਹੇ ਹੋ। ੳਪ੍ਰੋਕਤ ਨੂੰ ਜ਼ਹਿਨ ‘ਚ ਰੱਖੋ ਅਤੇ ਫ਼ਿਰ ਇੰਤਜ਼ਾਰ ਕਰੋ। ਅੰਤ ‘ਚ ਤੁਹਾਨੂੰ ਸਮਝ ਆ ਜਾਵੇਗੀ, ਅਤੇ ਤੁਸੀਂ ਮੁਸਕਰਾਉਣ ਲੱਗੋਗੇ।