ਜਲੰਧਰ – ਸਿੱਧੂ ਮੂਸੇ ਵਾਲਾ ਕਤਲ ਕਾਂਡ ਨਾਲ ਜੁੜੀ ਇਸ ਵੇਲੇ ਦੀ ਵੱਡੀ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਪੁਲਸ ਵਲੋਂ ਪੁੱਛਗਿੱਛ ਲਈ ਸੱਦਿਆ ਗਿਆ ਹੈ। ਬੱਬੂ ਮਾਨ ਤੋਂ ਇਲਾਵਾ ਮਨਕੀਰਤ ਔਲਖ ਤੇ ਅਜੇਪਾਲ ਮਿੱਡੂਖੇੜਾ ਨੂੰ ਵੀ ਪੁਲਸ ਨੇ ਪੁੱਛਗਿੱਛ ਲਈ ਸੱਦਿਆ ਹੈ।
ਸਿੱਧੂ ਮੂਸੇ ਵਾਲਾ ਕਤਲ ਕਾਂਡ ’ਚ ਮਨਕੀਰਤ ਔਲਖ ਕੋਲੋਂ ਪਹਿਲਾਂ ਵੀ ਪੁੱਛਗਿੱਛ ਹੋ ਚੁੱਕੀ ਹੈ। ਮਨਕੀਰਤ ਤੋਂ ਇਲਾਵਾ ਦਿਲਪ੍ਰੀਤ ਢਿੱਲੋਂ ਤੇ ਅਫਸਾਨਾ ਖ਼ਾਨ ਕੋਲੋਂ ਵੀ ਜਾਂਚ ਏਜੰਸੀਆਂ ਪੁੱਛਗਿੱਛ ਕਰ ਚੁੱਕੀਆਂ ਹਨ।
ਦੱਸ ਦੇਈਏ ਕਿ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਵਿਚਾਲੇ ਅਕਸਰ ਸੋਸ਼ਲ ਮੀਡੀਆ ’ਤੇ ਤਕਰਾਰ ਦੇਖਣ ਨੂੰ ਮਿਲਦਾ ਸੀ। ਇਥੋਂ ਤਕ ਕਿ ਦੋਵਾਂ ਦੇ ਪ੍ਰਸ਼ੰਸਕਾਂ ਵਲੋਂ ਇਕ-ਦੂਜੇ ਨੂੰ ਮੈਸਿਜ ਕਰਕੇ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਇਸੇ ਦੇ ਚਲਦਿਆਂ ਪੁਲਸ ਵਲੋਂ ਬੱਬੂ ਮਾਨ ਨੂੰ ਪੁੱਛਗਿੱਛ ਲਈ ਸੱਦਿਆ ਜਾ ਰਿਹਾ ਹੈ ਜਾਂ ਮਾਮਲਾ ਕੁਝ ਹੋਰ ਹੈ।
ਸਿੱਧੂ ਮੂਸੇ ਵਾਲਾ ਦਾ 29 ਮਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸਿੱਧੂ ਦੇ ਮਾਪਿਆਂ ਵਲੋਂ ਲਗਾਤਾਰ ਸਰਕਾਰ ’ਤੇ ਦਬਾਅ ਬਣਾਇਆ ਜਾ ਰਿਹਾ ਹੈ ਤੇ ਸਿੱਧੂ ਦੇ ਕਾਤਲਾਂ ਨੂੰ ਫੜਨ ਦੀ ਬੇਨਤੀ ਕੀਤੀ ਜਾ ਰਹੀ ਹੈ। ਉਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਸੀ ਕਿ ਸਿੱਧੂ ਦੇ ਕਤਲ ਕਾਂਡ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੂੰ ਅਮਰੀਕਾ ਦੇ ਫ੍ਰੇਸਨੋ ਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਗੋਲਡੀ ਬਰਾੜ ਨੂੰ ਜਲਦ ਭਾਰਤ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤੋਂ ਬਾਅਦ ਸਿੱਧੂ ਦੇ ਕਤਲ ਨਾਲ ਜੁੜੇ ਕਈ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ।