ਜਰਮਨੀ ਦੀ ਵਿਦੇਸ਼ ਮੰਤਰੀ ਬੇਅਰਬਾਕ ਭਾਰਤ ਪਹੁੰਚੀ, ਭਾਰਤ ਨੂੰ ਦੱਸਿਆ ਜਰਮਨੀ ਦਾ ਕੁਦਰਤੀ ਭਾਈਵਾਲ

ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੇਨਾ ਬੇਅਰਬਾਕ ਨੇ ਸੋਮਵਾਰ ਨੂੰ ਊਰਜਾ, ਕਾਰੋਬਾਰ ਅਤੇ ਜਲਵਾਯੂ ਤਬਦੀਲੀ ਸਮੇਤ ਦੋ-ਪੱਖੀ ਸਹਿਯੋਗ ਨੂੰ ਮਜ਼ਬੂਤ ਬਣਾਉਣ ਨੂੰ ਲੈ ਕੇ ਵਿਸਤ੍ਰਿਤ ਚਰਚਾ ਕੀਤੀ। ਬੇਅਰਬਾਕ 2 ਦਿਨਾਂ ਯਾਤਰਾ ’ਤੇ ਸੋਮਵਾਰ ਨੂੰ ਭਾਰਤ ਪੁੱਜੀ। ਉਨ੍ਹਾਂ ਦੀ ਯਾਤਰਾ ਅਜਿਹੇ ਸਮੇਂ ਹੋਈ ਹੈ ਜਦੋਂ 4 ਦਿਨ ਪਹਿਲਾਂ ਹੀ ਭਾਰਤ ਨੇ ਜੀ-20 ਸਮੂਹ ਦੀ ਰਸਮੀ ਪ੍ਰਧਾਨਗੀ ਗ੍ਰਹਿਣ ਕੀਤੀ ਹੈ।
ਜਰਮਨੀ ਦੇ ਵਿਦੇਸ਼ ਮੰਤਰੀ ਬੇਅਰਬਾਕ ਨੇ ਆਪਣੇ ਬਿਆਨ ਵਿਚ ਭਾਰਤ ਨੂੰ ਜਰਮਨੀ ਦਾ ਕੁਦਰਤੀ ਭਾਈਵਾਲ ਦੱਸਿਆ। ਉਨ੍ਹਾਂ ਕਿਹਾ ਕਿ 21ਵੀਂ ਸਦੀ ਖਾਸ ਤੌਰ ’ਤੇ ਹਿੰਦ ਪ੍ਰਸ਼ਾਂਤ ਖੇਤਰ ਵਿਚ ਵਿਸ਼ਵ ਵਿਵਸਥਾ ਨੂੰ ਆਕਾਰ ਪ੍ਰਦਾਨ ਕਰਨ ਵਿਚ ਭਾਰਤ ਦੀ ਫੈਸਲਾਕੁੰਨ ਭੂਮਿਕਾ ਹੋਵੇਗੀ ਅਤੇ ਭਾਰਤ ਦੀ ਯਾਤਰਾ ਕਰਨਾ ਦੁਨੀਆ ਦੇ 6ਵੇਂ ਹਿੱਸੇ ਦੀ ਯਾਤਰਾ ਕਰਨ ਵਰਗਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੇ ਨਾ ਸਿਰਫ ਜੀ-20 ਵਿਚ ਆਪਣੇ ਲਈ ਅਗਾਂਹਵਧੂ ਟੀਚਾ ਰੱਖਿਆ ਹੈ ਸਗੋਂ ਆਪਣੇ ਦੇਸ਼ ਲਈ ਵੀ ਇਕ ਟੀਚਾ ਰੱਖਿਆ ਹੈ। ਜਦੋਂ ਰੀਨਿਊਏਬਲ ਐਨਰਜੀ ਦੇ ਵਿਸਤਾਰ ਦੀ ਗੱਲ ਆਉਂਦੀ ਹੈ ਤਾਂ ਭਾਰਤ ਊਰਜਾ ਤਬਦੀਲੀ (ਉਪਯੋਗ) ਵਿਚ ਪਹਿਲਾਂ ਤੋਂ ਜ਼ਿਆਦਾ ਅੱਗੇ ਵਧਣਾ ਚਾਹੁੰਦਾ ਹੈ ਅਤੇ ਇਸ ਵਿਚ ਜਰਮਨੀ, ਭਾਰਤ ਦੇ ਨਾਲ ਖੜ੍ਹਾ ਹੈ।