ਇਮਰਾਨ ਖਾਨ ਨੇ ਬਾਜਵਾ ‘ਤੇ ਉਨ੍ਹਾਂ ਦੀ ਸਰਕਾਰ ਦੇ ਖ਼ਿਲਾਫ਼ ਸਾਜ਼ਿਸ਼ ਰੱਚਣ ਦਾ ਲਗਾਇਆ ਦੋਸ਼

ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਾਬਕਾ ਫ਼ੌਜ ਮੁਖੀ ਜਨਰਲ (ਸੇਵਾਮੁਕਤ) ਕਮਰ ਜਾਵੇਦ ਬਾਜਵਾ ‘ਤੇ ਉਨ੍ਹਾਂ ਦੀ ਸਰਕਾਰ ਖ਼ਿਲਾਫ਼ ‘ਦੋਹਰੀ ਖੇਡ’ ਖੇਡਣ ਦਾ ਦੋਸ਼ ਲਗਾਇਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ 2019 ‘ਚ ਤਤਕਾਲੀ ਫ਼ੌਜ ਮੁਖੀ ਦਾ ਕਾਰਜਕਾਲ ਵਧਾ ਕੇ ‘ਵੱਡੀ ਗ਼ਲਤੀ’ ਕੀਤੀ ਸੀ।
ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਦੇ ਪ੍ਰਧਾਨ ਖਾਨ ਨੇ ਇੱਕ ਸਥਾਨਕ ਟੀ.ਵੀ. ਚੈਨਲ ਨੂੰ ਦਿੱਤੇ ਇੰਟਰਵਿਊ ‘ਚ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਤਤਕਾਲੀ ਫੌਜ ਮੁਖੀ ਬਾਜਵਾ ‘ਤੇ ਭਰੋਸਾ ਕਰਨ ਲਈ ਵੀ ਖੇਦ ਜਤਾਇਆ ਸੀ। ਖਾਨ (70) ਨੂੰ ਇਸ ਸਾਲ ਅਪ੍ਰੈਲ ‘ਚ ਅਵਿਸ਼ਵਾਸ ਮਤੇ ਰਾਹੀਂ ਸੱਤਾ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ, “ਮੈਨੂੰ ਯਕੀਨ ਸੀ ਕਿ ਜਨਰਲ ਬਾਜਵਾ ਮੈਨੂੰ ਹਰ ਚੀਜ ਦੱਸਣਗੇ, ਕਿਉਂਕਿ ਸਾਡਾ ਹਿੱਤ ਇਕ ਹੀ ਸੀ ਕਿ ਅਸੀਂ ਦੇਸ਼ ਨੂੰ ਬਚਾਉਣਾ ਸੀ।”
ਖਾਨ ਨੇ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਖੁਫੀਆ ਬਿਊਰੋ (ਆਈ.ਬੀ) ਤੋਂ ਖਬਰਾਂ ਮਿਲੀਆਂ ਸਨ ਕਿ “ਉਨ੍ਹਾਂ ਦੀ ਸਰਕਾਰ ਵਿਰੁੱਧ ਵੀ ਖੇਡ ਖੇਡੀ ਜਾ ਰਹੀ ਹੈ । ਖਾਨ ਦੀਆਂ ਟਿੱਪਣੀਆਂ ਪਾਕਿਸਤਾਨ ਮੁਸਲਿਮ ਲੀਗ-ਕਾਇਦ-ਏ-ਆਜ਼ਮ (ਪੀਐਮਐਲ-ਕਿਊ) ਦੇ ਮੁਨੀਸ਼ ਇਲਾਹੀ ਦੇ ਇੱਕ ਟੀਵੀ ਇੰਟਰਵਿਊ ‘ਚ ਕਹੇ ਜਾਣ ਤੋਂ ਬਾਅਦ ਆਈਆਂ ਹਨ ਕਿ ਬਾਜਵਾ ਨੇ ਉਨ੍ਹਾਂ ਨੂੰ ਅਵਿਸ਼ਵਾਸ ਪ੍ਰਸਤਾਵ ‘ਤੇ ਖਾਨ ਨੂੰ ਵੋਟ ਪਾਉਣ ਲਈ ਕਿਹਾ ਸੀ। ਸਾਬਕਾ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ, “ਜਨਰਲ ਬਾਜਵਾ ਦੋਹਰੀ ਖੇਡ ਖੇਡ ਰਹੇ ਸਨ ਅਤੇ ਮੈਨੂੰ ਬਾਅਦ ‘ਚ ਇਹ ਪਤਾ ਚੱਲਿਆ ਕਿ ਪੀਟੀਆਈ ਮੈਂਬਰਾਂ ਤੱਕ ਨੂੰ ਵੀ ਵੱਖ-ਵੱਖ ਸੰਦੇਸ਼ ਦਿੱਤੇ ਜਾ ਰਹੇ ਸਨ।” ਇਸ ਦੌਰਾਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਐਤਵਾਰ ਨੂੰ ਖਾਨ ‘ਤੇ ਨਿਸ਼ਾਨਾ ਸਾਧਿਆ ਕਿ ਉਹ ਸੱਤਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਚਾਹੇ ਇਸ ਦਾ ਨਤੀਜਾ ਦੇਸ਼ ਦੀ ਨੀਂਹ ਨੂੰ ਕਮਜ਼ੋਰ ਕਰਨਾ ਹੀ ਕਿਉਂ ਨਾ ਹੋਵੇ।