10ਵੀਂ ਦੀ ਵਿਦਿਆਰਥਣ ਨਾਲ 5 ਸਹਿਪਾਠੀਆਂ ਨੇ ਕੀਤਾ ਜਬਰ-ਜ਼ਿਨਾਹ, ਵੀਡੀਓ ਰਿਕਾਰਡ ਕਰ ਕੀਤਾ ਬਲੈਕਮੇਲ

ਹੈਦਰਾਬਾਦ – ਹੈਦਰਾਬਾਦ ‘ਚ 10ਵੀਂ ਜਮਾਤ ਦੀ ਇਕ ਵਿਦਿਆਰਥਣ ਨਾਲ ਉਸ ਦੇ 5 ਸਹਿਪਾਠੀਆਂ ਨੇ ਸਮੂਹਿਕ ਜਬਰ-ਜ਼ਿਨਾਹ ਕੀਤਾ। ਇਹ ਘਟਨਾ ਸ਼ਹਿਰ ਦੇ ਬਾਹਰੀ ਇਲਾਕੇ ’ਚ ਹਯਾਤਨਗਰ ਥਾਣਾ ਖੇਤਰ ਦੇ ਅਧੀਨ ਹੋਈ। ਦੋਸ਼ੀਆਂ ਨੇ ਘਟਨਾ ਦੀ ਵੀਡੀਓ ਰਿਕਾਰਡ ਕਰ ਕੇ ਵਿਦਿਆਰਥਣ ਨੂੰ ਬਲੈਕਮੇਲ ਵੀ ਕੀਤਾ। ਘਟਨਾ ਅਗਸਤ ’ਚ ਵਾਪਰੀ ਸੀ ਪਰ ਮਾਮਲਾ ਹੁਣ ਸਾਹਮਣੇ ਆਇਆ ਜਦੋਂ ਪੀੜਤਾ ਦੇ ਮਾਪੇ ਪੁਲਸ ਕੋਲ ਪਹੁੰਚੇ।
ਦੋਸ਼ੀਆਂ ਨੇ ਆਪਣੇ ਮੋਬਾਇਲ ਫੋਨ ’ਤੇ ਇਸ ਘਟਨਾ ਨੂੰ ਰਿਕਾਰਡ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਇਸ ਬਾਰੇ ਦੱਸਿਆ ਤਾਂ ਉਹ ਵੀਡੀਓ ਸੋਸ਼ਲ ਮੀਡੀਆ ’ਤੇ ਅਪਲੋਡ ਕਰ ਦੇਣਗੇ। ਘਟਨਾ ਦੇ 10 ਦਿਨ ਬਾਅਦ ਉਨ੍ਹਾਂ ਬਲੈਕਮੇਲ ਕਰ ਕੇ ਵਿਦਿਆਰਥਣ ਨਾਲ ਦੁਬਾਰਾ ਜਬਰ-ਜ਼ਿਨਾਹ ਕੀਤਾ। ਦੋਸ਼ੀਆਂ ਨੇ ਕਥਿਤ ਤੌਰ ’ਤੇ ਵੀਡੀਓ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਅਤੇ ਜਦੋਂ ਮਾਪਿਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਇਨ੍ਹਾਂ ਸਾਰਿਆਂ ਖ਼ਿਲਾਫ਼ ਯੌਨ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਸਾਰੇ ਦੋਸ਼ੀ ਨਾਬਾਲਗ ਹਨ। ਉਨ੍ਹਾਂ ਨੂੰ ਬਾਲ ਘਰ ਭੇਜ ਦਿੱਤਾ ਗਿਆ ਹੈ।