ਵਜ਼ੀਰਾਬਾਦ ’ਚ 3 ਸ਼ੂਟਰਾਂ ਨੇ ਮੈਨੂੰ ਜਾਨੋਂ ਮਾਰਨ ਦੀ ਕੀਤੀ ਕੋਸ਼ਿਸ਼ : ਇਮਰਾਨ ਖਾਨ

ਇਸਲਾਮਾਬਾਦ – ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦਾਅਵਾ ਕੀਤਾ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਵਜ਼ੀਰਾਬਾਦ ਸ਼ਹਿਰ ’ਚ ਵਿਰੋਧ ਮਾਰਚ ਦੌਰਾਨ 3 ਸ਼ੂਟਰਾਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਸੀ। 3 ਨਵੰਬਰ ਨੂੰ ਪੰਜਾਬ ਦੇ ਵਜ਼ੀਰਿਸਤਾਨ ਇਲਾਕੇ ’ਚ ਬੰਦੂਕਧਾਰੀਆਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਪ੍ਰਧਾਨ ਖਾਨ ’ਤੇ ਹਮਲਾ ਕੀਤਾ ਸੀ, ਜਿਸ ’ਚ ਉਨ੍ਹਾਂ ਦੇ ਸੱਜੇ ਪੈਰ ’ਚ ਗੋਲੀ ਲੱਗੀ ਸੀ। ਉਸ ਸਮੇਂ ਉਹ ਸਰਕਾਰ ’ਤੇ ਜਲਦੀ ਚੋਣਾਂ ਕਰਵਾਉਣ ਲਈ ਦਬਾਅ ਬਣਾਉਣ ਲਈ ਕੱਢੇ ਗਏ ਮਾਰਚ ਦੀ ਅਗਵਾਈ ਕਰ ਰਹੇ ਸਨ। ਖਾਨ ਨੇ ਸ਼ਨੀਵਾਰ ਰਾਤ ਨੂੰ ਸ਼ਹਿਰ ’ਚ ਆਪਣੀ ਪਾਰਟੀ ਦੀ ਇਕ ਵਿਸ਼ਾਲ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ 2 ਹਮਲਾਵਰਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਉਨ੍ਹਾਂ ’ਚੋਂ ਇਕ ਨੇ ਉਨ੍ਹਾਂ ’ਤੇ ਅਤੇ ਪੀ. ਟੀ. ਆਈ. ਦੇ ਆਗੂਆਂ ’ਤੇ ਗੋਲੀਆਂ ਚਲਾਈਆਂ ਸਨ। ਦੂਜੇ ਸ਼ੂਟਰ ਨੇ ਕੰਟੇਨਰ ਦੇ ਸਾਹਮਣੇ ਤੋਂ ਗੋਲੀਬਾਰੀ ਕੀਤੀ। ਜਦਕਿ ਤੀਜੇ ਹਮਲਾਵਰ ਨੂੰ ਪਹਿਲੇ ਹਮਲਾਵਰ ਨੂੰ ਖਤਮ ਕਰਨ ਦਾ ਕੰਮ ਸੌਂਪਿਆ ਗਿਆ ਸੀ। ਖਾਨ (70) ਨੇ ਦਾਅਵਾ ਕੀਤਾ ਕਿ ਇਸ ਤੀਜੇ ਹਮਲਾਵਰ ਨੇ ਰੈਲੀ ’ਚ ਇਕ ਵਿਅਕਤੀ ਨੂੰ ਮਾਰਿਆ ਜਦੋਂ ਉਹ ਪਹਿਲੇ ਹਮਲਾਵਰ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਹਮਲੇ ਤੋਂ ਇਕ ਦਿਨ ਬਾਅਦ ਲਾਹੌਰ ਦੇ ਸ਼ੌਕਤ ਖਾਨਮ ਹਸਪਤਾਲ ਤੋਂ ਰਾਸ਼ਟਰ ਨੂੰ ਸੰਬੋਧਿਤ ਕਰਦੇ ਹੋਏ ਖਾਨ ਨੇ ਕਿਹਾ ਸੀ ਕਿ 2 ਹਮਲਾਵਰਾਂ ਨੇ ਉਨ੍ਹਾਂ ਦੇ ਸੱਜੇ ਪੈਰ ’ਚ ਚਾਰ ਗੋਲੀਆਂ ਮਾਰੀਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਉਹ ਕੰਟੇਨਰ ’ਤੇ ਸੀ ਤਾਂ ਉਨ੍ਹਾਂ ’ਤੇ ਗੋਲੀਆਂ ਚਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਉਨ੍ਹਾਂ ਕਿਹਾ, ਫਿਰ ਦੂਜਾ ਹਮਲਾ ਕੀਤਾ ਗਿਆ, ਉਸ ’ਚ 2 ਲੋਕ ਸ਼ਾਮਲ ਸਨ। ਖਾਨ ਨੇ ਪਾਰਟੀ ਵਰਕਰਾਂ ਨੂੰ ਸੰਬੋਧਿਤ ਕਰਦੇ ਹੋਏ ਇਹ ਵੀ ਦੋਸ਼ ਲਗਾਇਆ ਕਿ ਉਨ੍ਹਾਂ ਦੀ ਹੱਤਿਆ ਦੀ ਅਸਫਲ ਕੋਸ਼ਿਸ਼ ’ਚ ਜਿਨ੍ਹਾਂ 3 ਲੋਕਾਂ ਦਾ ਹੱਥ ਸੀ, ਉਹ ਉਨ੍ਹਾਂ ਨੂੰ ਫਿਰ ਤੋਂ ਨਿਸ਼ਾਨਾ ਬਣਾਉਣ ਦੀ ਉਡੀਕ ਕਰ ਰਹੇ ਹਨ। ਖਾਨ ਨੇ ਕਈ ਵਾਰ ਦੋਸ਼ ਲਗਾਇਆ ਹੈ ਕਿ ਹਮਲੇ ਦੇ ਪਿੱਛੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਗ੍ਰਹਿ ਮੰਤਰੀ ਰਾਣਾ ਸਨਾਉੱਲਾ ਅਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਦੇ ਕਾਊਂਟਰ ਇੰਟੈਲੀਜੈਂਸ ਵਿੰਗ ਦੇ ਮੁਖੀ ਮੇਜਰ-ਜਨਰਲ ਫੈਜ਼ਲ ਨਸੀਰ ਦਾ ਹੱਥ ਸੀ।