ਮੁੰਬਈ ਹਵਾਈ ਅੱਡੇ ‘ਤੇ 50 ਕਰੋੜ ਰੁਪਏ ਦੀ ਹੈਰੋਇਨ ਨਾਲ ਜ਼ਿੰਬਾਬਵੇ ਦੇ 2 ਨਾਗਰਿਕ ਗ੍ਰਿਫ਼ਤਾਰ

ਮੁੰਬਈ – ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮਾਲੀਆ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਜ਼ਿੰਬਾਬਵੇ ਦੇ 2 ਨਾਗਰਿਕਾਂ ਨੂੰ 50 ਕਰੋੜ ਰੁਪਏ ਮੁੱਲ ਦੀ 7.9 ਕਿਲੋਗ੍ਰਾਮ ਹੈਰੋਇਨ ਨਾਲ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਵਿਸ਼ੇਸ਼ ਸੂਚਨਾ ਦੇ ਆਧਾਰ ‘ਤੇ ਡੀ.ਆਰ.ਆਈ. ਦੀ ਮੁੰਬਈ ਡਿਵੀਜ਼ਨਲ ਯੂਨਿਟ ਨੇ ਸ਼ੁੱਕਰਵਾਰ ਨੂੰ ਅਦੀਸ ਅਬਾਬਾ (ਇਥੋਪੀਆ) ਤੋਂ ਆਏ ਇਕ ਪੁਰਸ਼ ਅਤੇ ਇਕ ਔਰਤ ਨੂੰ ਹਵਾਈ ਅੱਡੇ ‘ਤੇ ਜਾਂਚ ਲਈ ਰੋਕਿਆ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਸਾਮਾਨ ਦੀ ਤਲਾਸ਼ੀ ਲੈਣ ‘ਤੇ ਕੁਝ ਪੈਕੇਟ ਮਿਲੇ, ਜਿਸ ‘ਚ ਹਲਕੇ ਭੂਰੇ ਰੰਗ ਦੇ ਚੂਰਨ ਸਨ। ਇਨ੍ਹਾਂ ਪੈਕੇਟ ਨੂੰ ਟਰਾਲੀ ਬੈਗ ‘ਚ ਲੁਕਾ ਕੇ ਰੱਖਿਆ ਗਿਆ ਸੀ।
ਅਧਿਕਾਰੀ ਨੇ ਦੱਸਿਆ ਕਿ ਜਾਂਚ ‘ਤੇ ਇਸ ਦੇ ਹੈਰੋਇਨ ਹੋਣ ਦੀ ਪੁਸ਼ਟੀ ਹੋਈ ਅਤੇ ਇਸ ਦਾ ਕੁੱਲ ਭਾਰ 7.9 ਕਿਲੋਗ੍ਰਾਮ ਹੈ ਅਤੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ‘ਚ 50 ਕਰੋੜ ਰੁਪਏ ਦੱਸੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (ਐੱਨ.ਡੀ.ਪੀ.ਐੱਸ. ਐਕਟ) ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ। ਦੋਸ਼ੀਆਂ ਨੂੰ ਇਕ ਵਿਸ਼ੇਸ਼ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿਸ ਨੇ ਉਨ੍ਹਾਂ ਨੂੰ ਨਿਆਇਕ ਹਿਰਾਸਤ ‘ਚ ਭੇਜ ਦਿੱਤਾ। ਮਾਮਲੇ ਦੀ ਜਾਂਚ ਜਾਰੀ ਹੈ।