ਮਾਤਾ ਵੈਸ਼ਣੋ ਦੇਵੀ ਦਰਬਾਰ ’ਚ CM ਖੱਟੜ ਨੇ ਲਗਵਾਈ ਹਾਜ਼ਰੀ, ਟੇਕਿਆ ਮੱਥਾ

ਕਟੜਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਅੱਜ ਯਾਨੀ ਕਿ ਐਤਵਾਰ ਨੂੰ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ਪਹੁੰਚੇ। ਉਨ੍ਹਾਂ ਨੇ ਮਾਤਾ ਵੈਸ਼ਣੋ ਦੇਵੀ ਦੇ ਦਰਬਾਰ ’ਚ ਮੱਥਾ ਟੇਕਿਆ ਅਤੇ ਦੇਸ਼-ਪ੍ਰਦੇਸ਼ ਵਾਸੀਆਂ ਦੀ ਤਰੱਕੀ ਅਤੇ ਖ਼ੁਸ਼ਹਾਲੀ ਦੀ ਕਾਮਨਾ ਕੀਤੀ। ਮਾਤਾ ਦੇ ਦਰਸ਼ਨਾਂ ਮਗਰੋਂ ਖੱਟੜੇ ਨੇ ਕਿਹਾ ਕਿ ਮੇਰੇ ਲਈ ਸੌਭਾਗ ਦੀ ਗੱਲ ਹੈ ਕਿ ਅੱਜ ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਦਾ ਮੌਕਾ ਮਿਲਿਆ। ਇਸ ਦੌਰਾਨ ਮਾਤਾ ਦੇ ਦਰਬਾਰ ’ਚ ਮੱਥਾ ਟੇਕ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਨਾਲ ਹੀ ਦੁਨੀਆ ਦੀ ਸਮੁੱਚੀ ਮਨੁੱਖਤਾ ਦੇ ਕਲਿਆਣ ਅਤੇ ਦੇਸ਼-ਪ੍ਰਦੇਸ਼ ਦੀ ਜਨਤਾ ਦੀ ਤਰੱਕੀ ਅਤੇ ਖ਼ੁਸ਼ਹਾਲੀ ਦੀ ਪ੍ਰਾਰਥਨਾ ਵੀ ਕੀਤੀ।
ਮਾਤਾ ਦੇ ਦਰਬਾਰ ’ਚ ਨਤਮਸਤਕ ਹੋਣ ਮਗਰੋਂ ਮੁੱਖ ਮੰਤਰੀ ਮਾਤਾ ਵੈਸ਼ਨੋ ਦੇਵੀ ਯੂਨੀਵਰਸਿਟੀ ’ਚ ਈ-ਗਵਰਨੈਂਸ ’ਤੇ 25ਵੀਂ ਰਾਸ਼ਟਰੀ ਕਾਨਫਰੰਸ ’ਚ ਸ਼ਿਰਕਤ ਕਰਨ ਪੁੱਜੇ। ਮੁੱਖ ਮੰਤਰੀ ਖੱਟੜ ਨੇ ਜੰਮੂ-ਕਸ਼ਮੀਰ ਸਰਕਾਰ ਨਾਲ ਇਕ ਸਮਝੌਤਾ ਪੱਤਰ (MoU) ’ਤੇ ਦਸਤਖ਼ਤ ਕੀਤੇ। ਇਸ ਦੌਰਾਨ ਜੰਮੂ-ਕਸ਼ਮੀਰ ਦੇ ਰਾਜਪਾਲ ਮਨੋਜ ਸਿਨਹਾ ਨੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ।
ਖੱਟੜ ਨੇ ਕਿਹਾ ਕਿ ਹਰਿਆਣਾ ਦੇ ਆਈ. ਟੀ. ਦੇ ਨਵੇਂ ਪ੍ਰਯੋਗ ਜੰਮੂ-ਕਸ਼ਮੀਰ ਸਰਕਾਰ ਨੂੰ ਪਸੰਦ ਆਉਣ, ਉਨ੍ਹਾਂ ਨੂੰ ਇੱਥੇ ਲਾਗੂ ਕਰਨ ’ਚ ਜੰਮੂ-ਕਸ਼ਮੀਰ ਦਾ ਸਹਿਯੋਗ ਕਰਨਗੇ। ਮੈਂ ਤਿੰਨ ਸਾਲ ਤੱਕ ਸੰਗਠਨ ਲਈ ਇੱਥੇ ਕੰਮ ਕੀਤਾ, ਪੁਰਾਣੇ ਸਾਥੀਆਂ ਨੂੰ ਮਿਲਣ ਦੀ ਕਈ ਵਾਰ ਇੱਛਾ ਹੋਈ ਸੀ, ਜੋ ਅੱਜ ਪੂਰੀ ਹੋਈ। ਧਾਰਾ-370 ਹਟਣ ਤੋਂ ਪਹਿਲਾਂ ਇੱਥੋਂ ਦੇ ਮੁੱਦੇ ਅੱਤਵਾਦ ਨਾਲ ਲੜਾਈ, ਨਾਗਰਿਕ ਸੁਰੱਖਿਆ ਦੇ ਮੁੱਦੇ ਹੁੰਦੇ ਸਨ। ਅੱਜ ਇਹ ਪ੍ਰਦੇਸ਼ ਅੱਤਵਾਦ ਤੋਂ ਬਾਹਰ ਨਿਕਲ ਕੇ ਵਿਕਾਸ ਦੀ ਰਾਹ ’ਤੇ ਅੱਗੇ ਵੱਧ ਰਿਹਾ ਹੈ।