ਗੁਜਰਾਤ ਚੋਣਾਂ: 1,621 ਉਮੀਦਵਾਰਾਂ ’ਚੋਂ ਸਿਰਫ਼ 139 ਔਰਤਾਂ ਚੋਣ ਮੈਦਾਨ ’ਚ

ਅਹਿਮਦਾਬਾਦ- ਗੁਜਰਾਤ ’ਚ 1 ਅਤੇ 5 ਦਸੰਬਰ ਨੂੰ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣਗੀਆਂ। 182 ਵਿਧਾਨ ਸਭਾ ਸੀਟਾਂ ਲਈ ਕੁੱਲ 1,621 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਚੋਣਾਂ ’ਚ ਮਹਿਲਾ ਉਮੀਦਵਾਰਾਂ ਦੀ ਗਿਣਤੀ 139 ਹੈ। ਸੱਤਾਧਾਰੀ ਭਾਜਪਾ ਪਾਰਟੀ ਅਤੇ ਵਿਰੋਧੀ ਧਿਰ ਕਾਂਗਰਸ ਨੇ ਹਮੇਸ਼ਾ ਵਾਂਗ ਇਸ ਵਾਰ ਵੀ ਕੁਝ ਹੀ ਔਰਤਾਂ ਨੂੰ ਟਿਕਟ ਦਿਤੀ ਹੈ ਪਰ ਇਸ ਸਾਲ ਇਨ੍ਹਾਂ ਪਾਰਟੀਆਂ ਵੱਲੋਂ ਚੋਣ ਲੜ ਰਹੀਆਂ ਮਹਿਲਾ ਉਮੀਦਵਾਰਾਂ ਦੀ ਗਿਣਤੀ 2017 ਚੋਣਾਂ ਦੀ ਤੁਲਨਾ ਵਿਚ ਵਧੀ ਹੈ।
ਭਾਜਪਾ ਨੇ 2017 ’ਚ 12 ਔਰਤਾਂ ਨੂੰ ਉਮੀਦਵਾਰ ਬਣਾਇਆ ਸੀ ਅਤੇ ਇਸ ਵਾਰ ਇਸ ਨੇ 18 ਔਰਤਾਂ ਨੂੰ ਟਿਕਟ ਦਿੱਤੀ ਹੈ, ਜਦਕਿ ਕਾਂਗਰਸ ਨੇ 2017 ’ਚ 10 ਔਰਤਾਂ ਦੀ ਤੁਲਨਾ ’ਚ ਇਸ ਵਾਰ 14 ਔਰਤਾਂ ਨੂੰ ਚੁਣਾਵੀ ਮੈਦਾਨ ਵਿਚ ਖੜ੍ਹਾ ਕੀਤਾ ਹੈ। ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਸਾਰੀਆਂ 182 ਸੀਟਾਂ ’ਤੇ ਆਪਣੇ ਉਮੀਦਵਾਰ ਉਤਾਰੇ ਹਨ, ਜਿਨ੍ਹਾਂ ’ਚੋਂ ਇਕ ਉਮੀਦਵਾਰ ਨੇ ਆਪਣਾ ਨਾਂ ਵਾਪਸ ਲੈ ਲਿਆ ਹੈ। ‘ਆਪ’ ਨੇ ਸਿਰਫ਼ 6 ਮਹਿਲਾ ਉਮੀਦਵਾਰਾਂ ਨੂੰ ਟਿਕਟ ਦਿੱਤੀ ਹੈ ਅਤੇ ਉਨ੍ਹਾਂ ’ਚੋਂ 3 ਅਨੁਸੂਚਿਤ ਜਾਤੀ (ਐੱਸਟੀ) ਸੀਟ ’ਤੇ ਚੋਣ ਲੜ ਰਹੀਆਂ ਹਨ।
ਓਧਰ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਅਗਲੇ ਦੋ ਮਹੀਨੇ ਦੋ ਪੜਾਵਾਂ ’ਚ ਇਕ ਅਤੇ 5 ਦਸੰਬਰ ਨੂੰ ਹੋਣ ਵਾਲੀਆਂ ਗੁਜਰਾਤ ਚੋਣਾਂ ’ਚ ਕੁੱਲ1,621 ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ’ਚੋਂ 139 ਮਹਿਲਾ ਉਮੀਦਵਾਰ ਹਨ। ਇਨ੍ਹਾਂ ’ਚੋਂ 56 ਔਰਤਾਂ ਆਜ਼ਾਦ ਉਮੀਦਵਾਰ ਹਨ।