LG ਦੀ ਅਪੀਲ ’ਤੇ ਸ਼ਾਹੀ ਇਮਾਮ ਮੰਨੇ, ਜਾਮਾ ਮਸਜਿਦ ’ਚ ਔਰਤਾਂ ’ਤੇ ਰੋਕ ਦਾ ਹੁਕਮ ਲਿਆ ਵਾਪਸ

ਨਵੀਂ ਦਿੱਲੀ– ਦਿੱਲੀ ਦੇ ਉਪ ਰਾਜਪਾਲ ਵੀ. ਕੇ. ਸਕਸੈਨਾ ਦੀ ਬੇਨਤੀ ’ਤੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਨੇ ਮਸਜਿਦ ’ਚ ਲੜਕੀਆਂ ਦੇ ਦਾਖਲੇ ’ਤੇ ਪਾਬੰਦੀ ਦੇ ਹੁਕਮ ਨੂੰ ਵਾਪਸ ਲੈਣ ਲਈ ਸਹਿਮਤੀ ਦਿੱਤੀ ਹੈ। ਰਾਜ ਭਵਨ ਦੇ ਸੂਤਰਾਂ ਮੁਤਾਬਕ ਸਕਸੈਨਾ ਨੇ ਇਸ ਸਬੰਧ ’ਚ ਇਮਾਮ ਬੁਖਾਰੀ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਤਾਕੀਦ ਕੀਤੀ ਅਤੇ ਇਮਾਮ ਬੁਖਾਰੀ ਨੇ ਇਸ ਸ਼ਰਤ ’ਤੇ ਹੁਕਮ ਵਾਪਸ ਲੈਣ ਲਈ ਸਹਿਮਤੀ ਦਿੱਤੀ ਕਿ ਸੈਲਾਨੀ ਮਸਜਿਦ ਦੀ ਪਵਿੱਤਰਤਾ ਦਾ ਸਨਮਾਨ ਕਰਨ ਅਤੇ ਉਸ ਨੂੰ ਬਰਕਰਾਰ ਰੱਖਣ।
ਜਾਮਾ ਮਸਜਿਦ ਦੇ ਪ੍ਰਸ਼ਾਸਨ ਨੇ ਇਸ ਦੇ ਮੁੱਖ ਗੇਟਾਂ ’ਤੇ ਨੋਟਿਸ ਲਗਾ ਦਿੱਤਾ ਸੀ ਕਿ ਮਸਜਿਦ ਵਿਚ ਇਕੱਲੇ ਜਾਂ ਸਮੂਹਿਕ ਤੌਰ ’ਤੇ ਲੜਕੀਆਂ ਦੇ ਦਾਖਲੇ ਦੀ ਮਨਾਹੀ ਹੈ। ਇਸ ਫੈਸਲੇ ’ਤੇ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਸ਼ਾਹੀ ਇਮਾਮ ਨੇ ਵੀਰਵਾਰ ਨੂੰ ਕਿਹਾ ਕਿ ਇਹ ਹੁਕਮ ਨਮਾਜ਼ ਪੜ੍ਹਨ ਆਉਣ ਵਾਲੀਆਂ ਲੜਕੀਆਂ ਲਈ ਨਹੀਂ ਹੈ। ਮਹਿਲਾ ਅਧਿਕਾਰ ਕਾਰਕੁੰਨਾਂ ਨੇ ਇਸ ਫੈਸਲੇ ਨੂੰ ਅਸਵੀਕਾਰਨਯੋਗ ਦੱਸਿਆ ਹੈ। ਮਸਜਿਦ ਪ੍ਰਸ਼ਾਸਨ ਦੇ ਸੂਤਰਾਂ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ 3 ਮੁੱਖ ਪ੍ਰਵੇਸ਼ ਦੁਆਰਾਂ ਦੇ ਬਾਹਰ ਨੋਟਿਸ ਲਗਾਏ ਗਏ ਸਨ ਜਿਨ੍ਹਾਂ ’ਤੇ ਮਿਤੀ ਨਹੀਂ ਸੀ।