ਮਾਊਂਟ ਮੌਂਗਾਨੁਈ: ਮਾਊਂਟ ਮਾਊਂਗਾਨੁਈ ਦੇ ਬੇ ਓਵਲ ‘ਤੇ ਸੂਰਯਕੁਮਾਰ ਯਾਦਵ (SKY) ਦਾ ਧਮਾਕੇਦਾਰ ਸੈਂਕੜਾ ਕ੍ਰਿਕਟ ਪ੍ਰਸ਼ੰਸਕਾਂ ਨੂੰ ਦੇਖਣ ਨੂੰ ਮਿਲਿਆ। ਨਿਊ ਜ਼ੀਲੈਂਡ ਖ਼ਿਲਾਫ਼ ਦੂਜੇ T-20 ਮੈਚ ‘ਚ ਜਦੋਂ ਟੀਮ ਇੰਡੀਆ 9.1 ਓਵਰਾਂ ‘ਚ 69 ਦੌੜਾਂ ਹੀ ਬਣਾ ਸਕੀ ਤਾਂ ਸੂਰਯਕੁਮਾਰ ਦਾ ਤੂਫ਼ਾਨ ਆਇਆ। ਸੂਰਯਕੁਮਾਰ ਨੇ ਆਪਣਾ ਪਹਿਲਾ ਅਰਧ ਸੈਂਕੜਾ 32 ਗੇਂਦਾਂ ਵਿੱਚ ਜੜਿਆ ਪਰ ਅਗਲਾ ਅਰਧ ਸੈਂਕੜਾ 19 ਗੇਂਦਾਂ ‘ਚ ਲਗਾ ਕੇ ਟੀਮ ਇੰਡੀਆ ਨੂੰ 191 ਦੌੜਾਂ ਤਕ ਪਹੁੰਚਾ ਦਿੱਤਾ। ਸੂਰਯਕੁਮਾਰ ਨੇ ਆਪਣੀ ਪਾਰੀ ਦੌਰਾਨ 51 ਗੇਂਦਾਂ ਵਿੱਚ 11 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 111 ਦੌੜਾਂ ਬਣਾਈਆਂ। ਭਾਰਤ ਦੇ 192 ਦੌੜਾਂ ਦੇ ਟੀਚੇ ਦੇ ਸਾਹਮਣੇ ਨਿਊ ਜ਼ੀਲੈਂਡ ਦੀ ਟੀਮ 126 ਦੌੜਾਂ ‘ਤੇ ਹੀ ਸਿਮਟ ਗਈ।
170+ ਸਟ੍ਰਾਈਕ ਰੇਟ ਨਾਲ 1000 ਦੌੜਾਂ
ਸੂਰਯਕੁਮਾਰ ਯਾਦਵ ਅਜਿਹਾ ਪਹਿਲਾ ਕ੍ਰਿਕਟਰ ਬਣ ਗਿਆ ਹੈ ਜਿਸ ਨੇ ਕੈਰੀਅਰ ਦੀਆਂ ਪਹਿਲੀਆਂ 1,000 ਦੌੜਾਂ 170 ਤੋਂ ਜ਼ਿਆਦਾ ਦੇ ਸਟ੍ਰਾਈਕ ਰੇਟ ਨਾਲ ਬਣਾਈਆਂ ਹੋਣ। ਇਸ ਤੋਂ ਪਹਿਲਾਂ 150 ਦੇ ਸਟ੍ਰਾਈਕ ਰੇਟ ਨਾਲ ਸੱਤ ਖਿਡਾਰੀਆਂ ਨੇ 1, 000 ਦੌੜਾਂ ਬਣਾਈਆਂ ਹਨ ਜਦਕਿ 140 ਦੇ ਸਟ੍ਰਾਈਕ ਰੇਟ ਨਾਲ 20 ਖਿਡਾਰੀਆਂ ਨੇ। ਇਸੇ ਤਰ੍ਹਾਂ 130 ਦੇ ਸਟ੍ਰਾਈਕ ਰੇਟ ਨਾਲ 48 ਤਾਂ 120 ਦੀ ਸਟ੍ਰਾਈਕ ਰੇਟ ਨਾਲ 77 ਖਿਡਾਰੀ ਇਹ ਰਿਕਾਰਡ ਬਣਾ ਚੁੱਕੇ ਹਨ। ਸੂਰਯਕੁਮਾਰ ਆਪਣੀ ਸੁਪਰ ਪਾਵਰ ਦੀ ਬਦੌਲਤ ਕਈ ਮੀਲ ਅੱਗੇ ਨਿਕਲ ਗਿਐ।
2022 ਵਿੱਚ ਸਭ ਤੋਂ ਵੱਧ ਛੱਕੇ
ਸੂਰਯਕੁਮਾਰ ਲਈ 2022 ਸਭ ਤੋਂ ਵਧੀਆ ਸਾਲ ਹੋਣ ਵਾਲਾ ਹੈ। ਉਸ ਨੇ 67 ਛੱਕੇ ਲਗਾਏ ਹਨ ਜੋ ਬਾਕੀ ਸਾਰੇ ਬੱਲੇਬਾਜ਼ਾਂ ਤੋਂ ਵੱਧ ਹਨ। ਇਸ ਸੂਚੀ ‘ਚ ਮੁਹੰਮਦ ਵਸੀਮ 43 ਛੱਕਿਆਂ ਨਾਲ ਦੂਜੇ ਅਤੇ ਰੋਵਮੈਨ ਪਾਵੇਲ 39 ਛੱਕਿਆਂ ਨਾਲ ਤੀਜੇ ਸਥਾਨ ‘ਤੇ ਹਨ।
ਸੂਰਯਕੁਮਾਰ ਦਾ T-20 ਕਰੀਅਰ
ਸੂਰਯਕੁਮਾਰ ਦੇ ਅੰਕੜੇ ਸ਼ਾਨਦਾਰ ਹਨ। ਉਸ ਨੇ ਹੁਣ ਤਕ 41 ਮੈਚਾਂ ਦੀਆਂ 39 ਪਾਰੀਆਂ ‘ਚ 1, 395 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ ਸਿਰਫ਼ 768 ਗੇਂਦਾਂ ਖੇਡੀਆਂ ਜਿਸ ਕਾਰਨ ਉਨ੍ਹਾਂ ਦੀ ਸਟ੍ਰਾਈਕ ਰੇਟ 181 ਤਕ ਪਹੁੰਚ ਗਈ। 45 ਦੀ ਔਸਤ ਨਾਲ ਸੂਰਯਕੁਮਾਰ ਨੇ ਦੋ ਸੈਂਕੜੇ ਅਤੇ 12 ਅਰਧ ਸੈਂਕੜੇ ਵੀ ਲਗਾਏ ਹਨ।