ਬੋਦਰਲੀ – ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬੁੱਧਵਾਰ ਮੱਧ ਪ੍ਰਦੇਸ਼ ’ਚ ‘ਭਾਰਤ ਜੋੜੋ ਯਾਤਰਾ’ ਦੀ ਸ਼ੁਰੂਆਤ ਕਰਦੇ ਹੋਏ ਸੱਤਾਧਾਰੀ ਭਾਰਤੀ ਜਨਤਾ ਪਾਰਟੀ ’ਤੇ ਤਿੱਖੇ ਹਮਲੇ ਕੀਤੇ ਤੇ ਦੋਸ਼ ਲਾਇਆ ਕਿ ਭਾਜਪਾ ਪਹਿਲਾਂ ਨੌਜਵਾਨਾਂ, ਕਿਸਾਨਾਂ ਅਤੇ ਮਜ਼ਦੂਰਾਂ ਦੇ ਦਿਲਾਂ ਵਿੱਚ ਡਰ ਫੈਲਾਉਂਦੀ ਹੈ , ਫਿਰ ਉਸ ਨੂੰ ਹਿੰਸਾ ’ਚ ਬਦਲ ਦਿੰਦੀ ਹੈ।
ਰਾਹੁਲ ਨੇ ਇਕ ਇਕੱਠ ’ਚ ਕਿਹਾ ਕਿ ਉਨ੍ਹਾਂ ਦੀ ਯਾਤਰਾ ਦੇਸ਼ ਵਿੱਚ ਫੈਲਾਈ ਜਾ ਰਹੀ ਨਫ਼ਰਤ, ਹਿੰਸਾ ਅਤੇ ਡਰ ਦੇ ਖ਼ਿਲਾਫ਼ ਹੈ। ਉਨ੍ਹਾਂ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮੁੱਦਿਆਂ ‘ਤੇ ਕੇਂਦਰ ਸਰਕਾਰ ਨੂੰ ਘੇਰਿਆ।
ਇਕ ਤਰ੍ਹਾਂ ਨਾਲ ਭਾਜਪਾ ਨੂੰ ਚੁਣੌਤੀ ਦਿੰਦੇ ਹੋਏ ਰਾਹੁਲ ਨੇ ਕਿਹਾ ਕਿ ਅਸੀਂ ਕੰਨਿਆਕੁਮਾਰੀ ਤੋਂ ‘ਭਾਰਤ ਜੋੜੋ ਯਾਤਰਾ’ ਹੱਥ ’ਚ ਤਿਰੰਗਾ ਲੈ ਕੇ ਸ਼ੁਰੂ ਕੀਤੀ ਹੈ। ਇਸ ਤਿਰੰਗੇ ਨੂੰ ਸ੍ਰੀਨਗਰ ਤੱਕ ਪਹੁੰਚਣ ਤੋਂ ਕੋਈ ਨਹੀਂ ਰੋਕ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਦੀ ਸਨਅਤ, ਹਵਾਈ ਅੱਡੇ ਅਤੇ ਬੰਦਰਗਾਹਾਂ ਸਿਰਫ਼ ਤਿੰਨ-ਚਾਰ ਉਦਯੋਗਪਤੀਆਂ ਦੇ ਹੱਥਾਂ ਵਿੱਚ ਹਨ । ਹੁਣ ਰੇਲਵੇ ਵੀ ਉਨ੍ਹਾਂ ਦੇ ਹੱਥਾਂ ਵਿੱਚ ਜਾਣ ਵਾਲਾ ਹੈ। ਇਹ ਬੇਇਨਸਾਫ਼ੀ ਦਾ ਭਾਰਤ ਹੈ। ਸਾਨੂੰ ਅਜਿਹਾ ਭਾਰਤ ਨਹੀਂ ਚਾਹੀਦਾ। ਗਰੀਬ ਨਿਆਂ ਚਾਹੁੰਦੇ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਮਹਿੰਗੇ ਪੈਟਰੋਲ ਅਤੇ ਰਸੋਈ ਗੈਸ ਲਈ ਆਮ ਆਦਮੀ ਦੀ ਜੇਬ ਵਿੱਚੋਂ ਨਿਕਲਦਾ ਪੈਸਾ ਇਨ੍ਹਾਂ ਤਿੰਨ-ਚਾਰ ਉਦਯੋਗਪਤੀਆਂ ਦੀਆਂ ਜੇਬਾਂ ਵਿੱਚ ਹੀ ਜਾ ਰਿਹਾ ਹੈ। ਰਾਹੁਲ ਨੇ ਸਟੇਜ ’ਤੇ ਰੁਦਰ ਨਾਂ ਦੇ ਪੰਜ ਸਾਲ ਦੇ ਲੜਕੇ ਨੂੰ ਬੁਲਾਇਆ ਜਿਸ ਨੇ ਕਿਹਾ ਕਿ ਉਹ ਵੱਡਾ ਹੋ ਕੇ ਡਾਕਟਰ ਬਣਨਾ ਚਾਹੁੰਦਾ ਹੈ। ਸਰਕਾਰ ’ਤੇ ਸਿੱਖਿਆ ਦਾ ਨਿੱਜੀਕਰਨ ਕਰਨ ਦਾ ਦੋਸ਼ ਲਾਉਂਦੇ ਹੋਏ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਅੱਜ ਦੇ ਭਾਰਤ ’ਚ ਰੁਦਰ ਦਾ ਡਾਕਟਰ ਬਣਨ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਕਿਉਂਕਿ ਉਸ ਦੇ ਮਾਪਿਆਂ ਨੂੰ ਪ੍ਰਾਈਵੇਟ ਮੈਡੀਕਲ ਕਾਲਜ ’ਚ ਪੜ੍ਹਾਉਣ ਲਈ ਕਰੋੜਾਂ ਰੁਪਏ ਦੇਣੇ ਪੈਣਗੇ।