ਮੁੰਬਈ: ਸੂਰਯਕੁਮਾਰ ਯਾਦਵ ਨੂੰ ਭਾਰਤ ਲਈ ਡੈਬੀਊ ਕੀਤਿਆਂ ਹਾਲੇ ਦੋ ਸਾਲ ਵੀ ਨਹੀਂ ਹੋਏ, ਪਰ ਇਸ ਧਾਕੜ ਬੱਲੇਬਾਜ਼ ਨੇ ਕੌਮਾਂਤਰੀ ਕ੍ਰਿਕਟ ‘ਚ ਅਜਿਹੀ ਛਾਪ ਛੱਡੀ ਹੈ ਕਿ ਇਸ ਬਾਰੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ। ਇੰਡੀਅਨ ਪ੍ਰੀਮੀਅਰ ਲੀਗ ‘ਚ ਸਾਲਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ, ਸੂਰਯਕੁਮਾਰ ਨੂੰ ਆਖਿਰਕਾਰ ਭਾਰਤੀ ਟੀਮ ਵਿੱਚ ਜਗ੍ਹਾ ਬਣਾਉਣ ਦਾ ਮੌਕਾ ਮਿਲਿਆ ਅਤੇ ਇਸ ਸਮੇਂ ਦੌਰਾਨ T-20 ਕ੍ਰਿਕਟ ‘ਚ ਭਾਰਤ ਦੇ ਇਸ ਧਾਕੜ ਬੱਲੇਬਾਜ਼ ਦਾ ਦਬਦਬਾ ਦੇਖ ਕੇ ਹਰ ਕੋਈ ਦੰਗ ਰਹਿ ਗਿਆ।
ਇਸ ਮਹੀਨੇ ਦੇ ਸ਼ੁਰੂ ‘ਚ ਉਸ ਦੇ ਸ਼ਾਨਦਾਰ T-20 ਪ੍ਰਦਰਸ਼ਨ ਨੇ ਉਸ ਨੂੰ ਦੁਨੀਆਂ ਦਾ ਨੰਬਰ 1 ਬੱਲੇਬਾਜ਼ ਬਣਾ ਦਿੱਤਾ ਅਤੇ ਐਤਵਾਰ ਨੂੰ ਨਿਊ ਜ਼ੀਲੈਂਡ ਵਿਰੁੱਧ ਧਮਾਕੇਦਾਰ ਸੈਂਕੜੇ ਨਾਲ ਸੂਰਯਕੁਮਾਰ ਨੇ ਇੱਕ ਵਾਰ ਫ਼ਿਰ ਸਾੀਬਤ ਕਰ ਦਿੱਤਾ ਕਿ ਉਹ ਪਿਛਲੇ ਕੁੱਝ ਸਮੇਂ ਤੋਂ ਇਸ ਫ਼ੋਰਮੈਟ ‘ਤੇ ਰਾਜ ਕਿਉਂ ਕਰ ਰਿਹਾ ਹੈ। ਨਿਊ ਜ਼ੀਲੈਂਡ ਖ਼ਿਲਾਫ਼ ਇਸ ਪਾਰੀ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦਾ 11 ਸਾਲ ਪੁਰਾਣਾ ਟਵੀਟ ਖ਼ੂਬ ਵਾਇਰਲ ਹੋ ਰਿਹਾ ਹੈ ਜਿਸ ‘ਚ ਉਨ੍ਹਾਂ ਨੇ ਪਹਿਲਾਂ ਹੀ ਸੂਰਯਕੁਮਾਰ ਦੀ ਪ੍ਰਤਿਭਾ ਨੂੰ ਪਛਾਣ ਲਿਆ ਸੀ।
ਦਰਅਸਲ, ਸੂਰਯਕੁਮਾਰ ਨੇ ਦੂਸਰੇ T-20 ਮੈਚ ‘ਚ 51 ਗੇਂਦਾਂ ‘ਤੇ 111 ਦੌੜਾਂ ਦੀ ਅਜੇਤੂ ਪਾਰੀ ਖੇਡ ਕੇ ਆਪਣਾ ਦੂਜਾ ਅੰਤਰਰਾਸ਼ਟਰੀ ਸੈਂਕੜਾ ਲਗਾਇਆ ਸੀ। ਉਸ ਨੇ ਆਪਣੀ ਧਮਾਕੇਦਾਰ ਪਾਰੀ ਦੌਰਾਨ 11 ਚੌਕੇ ਅਤੇ 7 ਛੱਕੇ ਲਗਾਏ ਅਤੇ ਉਸ ਦੀ ਪਾਰੀ ਦੀ ਬਦੌਲਤ ਭਾਰਤ ਨੇ ਇਹ ਮੈਚ 65 ਦੌੜਾਂ ਨਾਲ ਜਿੱਤ ਲਿਆ। ਸੂਰਯਕੁਮਾਰ ਦੀ ਇਸ ਪਾਰੀ ਦੇ ਕੁੱਝ ਪਲਾਂ ਬਾਅਦ ਹੀ ਰੋਹਿਤ ਦਾ 11 ਸਾਲ ਪੁਰਾਣਾ ਟਵੀਟ ਵਾਇਰਲ ਹੋ ਗਿਆ ਜਿਸ ਵਿੱਚ ਉਸ ਨੇ ਸੂਰਯਕੁਮਾਰ ਬਾਰੇ ਭਵਿੱਖਬਾਣੀ ਕੀਤੀ ਸੀ।
ਰੋਹਿਤ ਨੇ ਇਸ ਟਵੀਟ ਵਿੱਚ ਲਿਖਿਆ, ”ਚੇਨੱਈ ‘ਚ ਹੁਣ BCCI ਦੇ ਪੁਰਸਕਾਰਾਂ ਦਾ ਕੰਮ ਖ਼ਤਮ ਹੋ ਗਿਆ ਹੈ। ਕੁੱਝ ਰੋਮਾਂਚਕ ਕ੍ਰਿਕਟਰ ਆ ਰਹੇ ਹਨ। ਭਵਿੱਖ ‘ਚ ਦੇਖਣ ਯੋਗ ਮੁੰਬਈ ਤੋਂ ਸੂਰਯਕੁਮਾਰ ਯਾਦਵ ਹੋਣਗੇ।”ਰੋਹਿਤ ਦੀ ਇਸ ਭਵਿੱਖਬਾਣੀ ਤੋਂ ਪ੍ਰਸ਼ੰਸਕ ਹੁਣ ਹੈਰਾਨ ਹਨ ਅਤੇ ਰੋਹਿਤ ਦੇ ਇਸ ਟਵੀਟ ‘ਤੇ ਰੱਜ ਕੇ ਪ੍ਰਤੀਕਿਰਿਆ ਦੇ ਰਹੇ ਹਨ।