ਬੌਲੀਵੁੱਡ ਅਦਾਕਾਰ ਰਣਦੀਪ ਹੁੱਡਾ ਆਪਣੀ ਵੈੱਬ ਸੀਰੀਜ਼ CAT ਨਾਲ ਵੱਡੇ ਪਰਦੇ ‘ਤੇ ਵਾਪਸੀ ਕਰਨ ਜਾ ਰਿਹਾ ਹੈ। ਅੱਜ ਰਣਦੀਪ ਦੀ ਵੈੱਬ ਸੀਰੀਜ਼ ਕੈਟ ਦਾ ਟਰੇਲਰ ਰਿਲੀਜ਼ ਹੋਇਆ ਜਿਸ ‘ਚ ਰਣਦੀਪ ਪੰਜਾਬ ‘ਚ ਨਸ਼ਾ ਤਸਕਰੀ ‘ਚ ਫ਼ਸੇ ਆਪਣੇ ਭਰਾ ਨੂੰ ਬਚਾਉਂਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਕੈਟ ਮਸ਼ਹੂਰ OTT ਪਲੈਟਫ਼ੌਰਮ Netflix ‘ਤੇ ਰਿਲੀਜ਼ ਹੋਵੇਗੀ। ਇਸ ਵੈੱਬ ਸੀਰੀਜ਼ ‘ਚ ਪੰਜਾਬ ਨੂੰ ਨਸ਼ਿਆਂ ਦੇ ਇੱਕ ਗੜ੍ਹ ਵਜੋਂ ਪੇਸ਼ ਕੀਤਾ ਗਿਆ ਹੈ।
ਦੱਸ ਦਈਏ ਕਿ ਰਣਦੀਪ ਹੁੱਡਾ ਨੇ ਕਾਫ਼ੀ ਸਮੇਂ ਤੋਂ ਫ਼ਿਲਮੀ ਦੁਨੀਆਂ ਤੋਂ ਦੂਰੀ ਬਣਾਈ ਹੋਈ ਸੀ। ਅਜਿਹੇ ‘ਚ ਹੁਣ ਉਹ ਵੈੱਬ ਸੀਰੀਜ਼ ਕੈਟ ਰਾਹੀਂ ਵਾਪਸੀ ਕਰਨ ਲਈ ਤਿਆਰ ਹੈ। OTT ਪਲੈਟਫ਼ੌਰਮ Netflix ਨੇ ਆਪਣੇ ਅਧਿਕਾਰਿਕ ਚੈਨਲ ‘ਤੇ ਕੈਟ ਦਾ ਨਵੀਨਤਮ ਟਰੇਲਰ ਰਿਲੀਜ਼ ਕੀਤਾ। ਇੱਕ ਮਿੰਟ 40 ਸੈਕਿੰਡ ਦੇ ਕੈਟ ਦੇ ਇਸ ਟਰੇਲਰ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਰਣਦੀਪ ਹੁੱਡਾ ਦੀ ਇਸ ਸੀਰੀਜ਼ ‘ਚ ਪੰਜਾਬ ਦੀ ਡਰੱਗ ਤਸਕਰੀ ਦੀ ਕਹਾਣੀ ਦਿਖਾਈ ਗਈ ਹੈ। ਰਣਦੀਪ ਹੁੱਡਾ ਦਾ ਛੋਟਾ ਭਰਾ ਇਸ ਨਸ਼ਾ ਤਸਕਰੀ ‘ਚ ਫ਼ਸ ਜਾਂਦਾ ਹੈ, ਅਤੇ ਪੁਲਸ ਉਸ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ। ਅਜਿਹੇ ‘ਚ ਰਣਦੀਪ ਹੁੱਡਾ ਪੁਲੀਸ ਦਾ ਅੰਡਰ ਸਪੈਸ਼ਲ ਕੌਪ ਕੈਟ ਬਣ ਕੇ ਪੰਜਾਬ ‘ਚ ਨਸ਼ਿਆਂ ਦੀ ਤਸਕਰੀ ਨੂੰ ਕਿਵੇਂ ਬੇਨਕਾਬ ਕਰਦਾ ਹੈ, ਇਹ ਦੇਖਣ ਵਾਲੀ ਗੱਲ ਹੈ। ਸਰਦਾਰ ਦੇ ਲੁੱਕ ‘ਚ ਰਣਦੀਪ ਹੁੱਡਾ ਕਾਫ਼ੀ ਖ਼ੂਬਸੂਰਤ ਲੱਗ ਰਿਹਾ ਹੈ। ਰਣਦੀਪ ਹੁੱਡਾ ਸੀਰੀਜ਼ ਕੈਟ ‘ਚ ਗੁਰਨਾਮ ਸਿੰਘ ਦਾ ਕਿਰਦਾਰ ਨਿਭਾਅ ਰਿਹਾ ਹੈ।
ਦੱਸਣਯੋਗ ਹੈ ਕਿ ਰਣਦੀਪ ਦੀ ਕੈਟ ਅਗਲੇ ਮਹੀਨੇ 9 ਦਸੰਬਰ ਨੂੰ ਔਨਲਾਈਨ ਸਟ੍ਰੀਮਿੰਗ OTT ਪਲੈਟਫ਼ੌਰਮ Netflix ‘ਤੇ ਕੀਤੀ ਜਾਵੇਗੀ। ਇਸ ਸੀਰੀਜ਼ ‘ਚ ਰਣਦੀਪ ਹੁੱਡਾ ਤੋਂ ਇਲਾਵਾ ਕਾਵਿਆ ਥਾਪਰ, ਦਾਨਿਸ਼ ਸੂਦ, ਕੇਪੀ ਸਿੰਘ ਅਤੇ ਗੀਤਾ ਅਗਰਵਾਲ ਵਰਗੇ ਕਈ ਫ਼ਿਲਮੀ ਸਿਤਾਰੇ ਮੌਜੂਦ ਹਨ।