ਡਾਇਰੀ ਦਾ ਪੰਨਾ

(ਨੰਦ ਲਾਲ ਨੂਰਪੁਰੀ ਪੁਰਸਕਾਰ ਮਿਲਣ ਮੌਕੇ ਵਿਸ਼ੇਸ਼)
ਸੁੱਚੇ ਗੀਤਾਂ ਦਾ ਸਿਰਜਕ ਗੁਰਭਜਨ ਗਿੱਲ
ਨਿੰਦਰ ਘੁਗਿਆਣਵੀ
ਮਹਾਨ ਗੀਤਕਾਰ ਸਵਰਗੀ ਨੰਦ ਲਾਲ ਨੂਰਪੁਰੀ ਜੀ ਦੀ ਯਾਦ ‘ਚ ਲੋਕ ਮੰਚ ਪੰਜਾਬ ਵਲੋਂ ਦਿੱਤੇ ਜਾ ਰਹੇ ਪਹਿਲੇ ਪੁਰਸਕਾਰ ਨੂੰ ਪ੍ਰਾਪਤ ਕਰਨ ਵਾਲੇ ਪ੍ਰੋਫ਼ੈਸਰ ਗੁਰਭਜਨ ਗਿੱਲ ਨੇ ਕਵਿਤਾ ਦੇ ਨਾਲ-ਨਾਲ ਗੀਤ-ਮੋਹ ਵੀ ਬਰਾਬਰ ਹੀ ਪਾਲਿਆ ਹੈ। ਉਨਾਂ ਦੇ ਲਿਖੇ ਅਤੇ ਸਿਰਕੱਢ ਗਾਇਕਾਂ-ਗਾਇਕਾਵਾਂ ਵਲੋਂ ਗਾਏ ਗੀਤਾਂ ਦੀ ਸੂਚੀ ਬਥੇਰੀ ਲੰਬੀ ਹੈ। ਕੁਝ ਕੁ ਦਾ ਜ਼ਿਕਰ ਏਥੇ ਕਰਦਾ ਹਾਂ ਜੋ ਅੱਜ ਦੇ ਦਿਨ ਕਰਨਾ ਜ਼ਰੂਰੀ ਜਾਪਦਾ ਹੈ। ਸੰਨ 1985 ‘ਚ ਨਰਿੰਦਰ ਬੀਬਾ ਜੀ ਨੇ ਪਹਿਲੀ ਵਾਰ ਉਨ੍ਹਾਂ ਦੇ ਦੋ ਗੀਤ ਰੀਕਾਰਡ ਕੀਤੇ: ਜੁਗ ਜੁਗ ਜੀ ਭਾਬੋ, ਚੰਨਾ ਵੇ ਮੈਨੂੰ ਸੁਪਨਾ ਆਇਆ ਅਤੇ ਇਹ 1988 ਦੀ ਗੱਲ ਹੈ। ਗੀਤ, ਖਿੜੀਆਂ ਕਪਾਹਾਂ ਉੱਤੇ ਤੋਤੇ ਮੌਜਾ ਮਾਣਦੇ, 1992 ‘ਚ ਸਿੰਘਾ ਵੇ ਤੇਰੇ ਨਾਨਕੀਂ ਮੈਂ ਤੀਆਂ ਵੇਖਣ ਜਾਣਾ ਅਤੇ ਸੰਨ 1985 ‘ਚ ਸੁਖਨੈਨ ਨੇ ਗਾਇਆ ਸੀ ਬੱਲੀਏ ਕਣਕ ਦੀਏ।
1987 ‘ਚ ਗਾਇਆ ਤੇ ਗਿੱਲ ਦੇ ਵਡੇ ਭਰਾਵਾਂ ਵਰਗੇ ਗਵੱਈਏ ਅਮਰਜੀਤ ਗੁਰਦਾਸਪੁਰੀ ਨੇ ਸਾਨੂੰ ਮੋੜ ਦਿਓ ਰੰਗਲਾ ਪੰਜਾਬ ਅਤੇ 1992 ਜਸਬੀਰ ਖ਼ੁਸ਼ਦਿਲ ਖੇਲਿਆਂ ਵਾਲੇ ਨੇ ਗਾਇਆ ਕਿੱਕਲੀ ਕਲੀਰ ਦੀ ਬਈ ਕਿੱਕਲੀ ਕਲੀਰ ਦੀ, ਲੀਰੋ ਲੀਰ ਚੁੰਨੀ ਮੇਰੀ ਪਾਟੀ ਪੱਗ ਵੀਰ ਦੀ। ਕੁਲਦੀਪ ਪਾਰਸ ਨੇ ਗਿੱਧੇ ਵਿੱਚ ਤੂੰ ਨੱਚਦੀ ਨੱਚੇਂ ਮਾਰ ਕੇ ਅੱਡੀ ‘ਅੱਗ ਦੀ ਲਾਟ ਬਣ ਜਾਈਂ ਨੀ ਮੇਰੇ ਪਿੰਡ ਦੀਏ ਕੁੜੀਏ’ ਤੇ ਪ੍ਰੀਤਮ ਸੋਹੀ ਨੇ ਗਾਇਆ ਤੇਰਾ ਵੀ ਕਿਤੇ ਨਿਹੁੰ ਲੱਗ ਜੇ, ਅਤੇ ਸੰਨ 1992 ‘ਚ ਬਲਧੀਰ ਮਾਹਲਾ ਨੇ ਵਗਦੀ ਨਦੀ ਦੇ ਠੰਢੇ ਨੀਰ ਰਾਜਿਓ ਕਿੱਧਰ ਗਏ, ਭੈਣਾਂ ਦੇ ਸੋਹਣੇ ਸੋਹਣੇ ਵੀਰ, ਰਾਜਿਉ ਕਿੱਧਰ ਗਏ?
ਲਾਭ ਜੰਜੂਆ ਨੇ ਵੀ ਇੱਕ ਗੀਤ ਰਿਕਾਰਡ ਕਰਵਾਇਆ, ਬੋਲ ਸਨ: ਖੰਭ ਖਿੱਲਰੇ ਨੇ ਕਾਵਾਂ ਦੇ, ਰੋਕ ਲਉ ਨਿਸ਼ਾਨੇਬਾਜ਼ੀਆ, ਪੁੱਤ ਮੁੱਕ ਚੱਲੇ ਮਾਵਾਂ ਦੇ। ਸੰਨ 1993 ਸੀ, ਸੁਰਿੰਦਰ ਸ਼ਿੰਦਾ ਨੇ ਗੀਤ ਗਾਏ, ਮਾਹੀਆ. ਸਾਰਾ ਪਿੰਡ ਪੁੱਛਦਾ, ਪ੍ਰਾਹੁਣੀ ਕਿੱਥੋਂ ਆਈ ਆ, ਅਤੇ ਹੀਰ ਬਾਰੇ ਗੀਤ ਸੀ। ਬਾਬੇ ਨਾਨਕ ਨੂੰ ਇਓਂ ਚੇਤੇ ਕੀਤਾ, ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ। ਸੰਨ 1994 ‘ਚ ਜਗਮੋਹਨ ਕੌਰ ਨੇ ਗਾਇਆ, ਸਿੰਘਾ ਵੇ ਤੇਰੇ ਨਾਨਕੀਂ ਮੈਂ ਤੀਆਂ ਵੇਖਣ ਜਾਣਾ। ਸੰਨ 1995 ‘ਚ ਕਰਨੈਲ ਗਿੱਲ ਦੋ ਗੀਤ ਗਾਏ, ਆਪ ਤੇ ਪੀਂਦਾ ਨਿੱਤ ਸ਼ਰਾਬਾਂ, ਮੈਥੋਂ ਡੁੱਲ੍ਹ ਗਈ ਦਾਲ ਵੇ ਜੈਤੋ ਦਾ ਕਿਲ੍ਹਾ ਟਪਾ ਦਊਂ ਜੇ ਕੱਢੀ ਮਾਂ ਦੀ ਗਾਲ੍ਹ ਵੇ ਅਤੇ ਦੂਜਾ ਸੀ, ਅੱਗ ਦੀ ਲਾਟ ਬਣ ਜਾਈਂ ਨੀ ਮੇਰੇ ਪਿੰਡ ਦੀਏ ਕੁੜੀਏ।
ਸੰਨ 1995 ‘ਚ ਪਰਮਿੰਦਰ ਸੰਧੂ ਨੇ ਗਾਇਆ, ਸਾਲ ਸੋਲਵਾਂ ਚੜ੍ਹੀ ਜਵਾਨੀ, ਲੱਭਦੀ ਫ਼ਿਰਦੀ ਦਿਲ ਦਾ ਜਾਨੀ, ਅੰਗ ਅੰਗ ਦੇਵੇ ਖ਼ੁਸ਼ਬੋਈ, ਵੇ ਤੂੰ ਕਿਹੜਾ ਚੰਦ ਮੁੰਡਿਆ, ਵੇ ਮੈਂ ਦਿਲ ਮਿਲਦੇ ਦੀ ਹੋਈ। ਸੰਨ 1995 ‘ਚ ਸਾਬਰ ਕੋਟੀ ਨੇ ਗਾਇਆ, ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ, ਸਾਡਿਆਂ ਵੀ ਕੰਨਾਂ ਵਿੱਚ ਸੱਚ ਦੀਆਂ ਮੁੰਦਰਾਂ ਅਤੇ ਸੰਨ 1999 ‘ਚ ਸਾਬਰਕੋਟੀ ਦਾ ਗੁਰਭਾਈ ਹੰਸ ਰਾਜ ਹੰਸ ਗਾਉਂਦਾ ਹੈ, ਇਹ ਦੁਨੀਆ ਨਹੀਂ ਕਮਦਿਲਿਆਂ ਦੀ, ਇਹ ਰਣ ਹੈ ਪੌਣ ਸਵਾਰਾਂ ਦੀ, ਨੀਹਾਂ ਦੇ ਵਿੱਚ ਜੇ ਸਿਰ ਹੋਵਣ, ਮੁੱਲ ਪੈ ਜਾਂਦਾ ਦੀਵਾਰਾਂ ਦਾ। 22 ਸਾਲ ਪਹਿਲਾਂ ਹੰਸ ਨੇ ਗਾਇਆ, ਖੇਡਣ ਦੇ ਦਿਨ ਚਾਰ ਦੋਸਤੋ ਅਤੇ 2005 ‘ਚ ਹੰਸ ਦੇ ਗੁਰਭਾਈ ਜਸਬੀਰ ਜੱਸੀ ਗੁਰਦਾਸਪੁਰੀ ਨੇ ਗਾਏ, ਸੁਣ ਪਰਦੇਸੀ ਢੋਲਾ ਵੇ ਵਾਗਾਂ ਵਤਨਾਂ ਨੂੰ ਮੋੜ ਅਤੇ ਉਹਦੀ ਲੋਰੀ ਗਾਈ ਬੜੀ ਮਸ਼ਹੂਰ ਹੋਈ ਸੀ (ਮਾਏ ਨੀ ਅਣਜੰਮੀ ਧੀ ਨੂੰ)। 2020 ਹਰਭਜਨ ਮਾਨ ਗਾਉਂਦਾ ਹੈ, ਚੁੱਪ ਵਾਲੀ ਮਾਰ ਨਾ ਤੂੰ ਮਾਰ ਵੇ ਪਿਆਰਿਆ। ਸੰਨ 2019 ਵਿਚ13 ਗਾਇਕਾਂ ਦੀ ਆਵਾਜ਼ਾਂ ‘ਚ ‘ਪੰਜ ਸਦੀਆਂ ਪਰਤ ਕੇ ਨਾਨਕ ਪਿਆਰਾ ਵੇਖਿਆ ਨੂੰ ਦਿਲਬਾਗ ਸਿੰਘ ਹੁੰਦਲ ਨੇ ਰੀਕਾਰਡ ਕੀਤਾ। ਰਾਮ ਸਿੰਘ ਅਲਬੇਲਾ ਨੇ ਗਾਏ, ਮੇਰੀ ਬਾਤ ਸੁਣੋ ਚਿੱਤ ਲਾ ਕੇ, ਇਹ ਗੱਲ ਦਸਿਓ ਜਾ ਤੇ ਪਿੰਡ ਦੇ ਹਾਲੀ ਪਾਲੀ ਨੂੰ। ਆਪ ਨੇ ਕਰੋਨਾ ਚੇਤਨਾ ਗੀਤ 2021 ਰੰਗ ਦਿਆ ਚਿੱਟਿਆ ਤੇ ਦਿਲ ਦਿਆ ਕਾਲਿਆ।
ਸਾਡਾ ਤੂੰ ਪੰਜਾਬ ਬਿਨ ਦੰਦਾਂ ਤੋਂ ਹੀ ਖਾ ਲਿਆ। ਉਸਤਾਦ ਯਮਲਾ ਜੀ ਦੇ ਚੇਲੇ ਅਮਰੀਕ ਸਿੰਘ ਗਾਜ਼ੀਨੰਗਲ ਨੇ ਗਾਇਆ ਪੰਜ ਸਦੀਆਂ ਪਰਤ ਕੇ’ ਤੇ 2021 ਗਾਇਆ ਤੇ ਪਾਲੀ ਦੇਤਵਾਲੀਆ ਨੇ ਗਾਇਆ, ਸਾਨੂੰ ਮੋੜ ਦਿਓ ਰੰਗਲਾ ਪੰਜਾਬ, ਛੇੜ ਬਾਬਾ ਛੇੜ ਹੁਣ ਛੇੜ ਤੂੰ ਸਾਰੰਗੀਆਂ, ਲੋਰੀ ਅਤੇ ਕੁਝ ਗੀਤ ਸਰੂਪ ਬੱਲ, ਅਕਬਰ ਅਲੀ ਜੋਧਾਂ, ਫ਼ਕੀਰ ਸਿੰਘ ਫ਼ਕੀਰ, ਦਿਲਜੀਤ ਕੈਸ, ਹਰਸ਼ਿਤ ਸੋਨੀ, ਅਸ਼ਵਨੀ ਵਰਮਾ, ਦੀਪ ਮਨਦੀਪ , ਡਾ. ਚਰਨ ਕੰਵਲ ਸਿੰਘ ਨੇ ਵੀ ਗਾਏ ਹਨ।
ਭਰੂਣ ਹੱਤਿਆ ਖ਼ਿਲਾਫ਼ ਗੀਤ
ਲੋਰੀ ਨੂੰ 25 ਤੋਂ ਵੱਧ ਗਾਇਕ ਗਾ ਚੁੱਕੇ ਹਨ। ਮੈਂ ਪਹਿਲਾਂ ਹੀ ਦੱਸਿਆ ਸੀ ਕਿ ਗੀਤਾਂ ਦੇ ਵੇਰਵਿਆਂ ਦੀ ਸੂਚੀ ਬਹੁਤ ਲੰਬੀ ਹੈ, ਪਰ ਐਨੀ ਕੁ ਜਾਣਕਾਰੀ ਬਥੇਰੀ ਹੈ। ਗਿੱਲ ਦੇ ਗੀਤ ਲੋਕ ਮਨਾਂ ਅੰਦਰ ਵੱਸਣ ਵਾਲੇ ਅਤੇ ਜਿੰਦਗੀ ਜੀਣ ਦਾ ਵੱਲ ਦੱਸਣ ਵਾਲੇ ਨੇ। ਅਸੀਂ ਗਿੱਲ ਸਾਹਬ ਵਲੋਂ ਰਚਿਤ ਗੀਤਾਂ ਦੀ ਗੱਲ ਇਸ ਪੁਰਸਕਾਰ ਮਿਲਣ ਦੇ ਬਹਾਨੇ ਕੀਤੀ ਹੈ, ਇਨਾਂ ਦੀਆਂ ਸਾਹਿਤਕ ਤੇ ਸਭਿਆਚਾਰਕ ਪ੍ਰਾਪਤੀਆਂ ਦਾ ਲੇਖਾ ਜੋਖਾ ਖਿੰਡਿਆ ਪੁੰਡਿਆ ਪਿਆ ਹੈ। ਪ੍ਰੋ. ਗਿੱਲ ਹੁਣ ਤੀਕ ਕਲਾ ਅਤੇ ਸਾਹਿਤ ਕਰਮੀਆਂ ਨੂੰ ਪੁਰਸਕਾਰ ਹੀ ਵੰਡਦਾ ਰਿਹਾ ਹੈ, ਉਨਾਂ ਦਾ ਵੀ ਤਾਂ ਹੱਕ ਬਣਦਾ ਸੀ। ਇਸੇ ਲਈ ਸਾਰੇ ਚਹੇਤੇ ਪ੍ਰਸ਼ੰਸਕ ਬਾਗੋ ਬਾਗ ਹਨ ਅਤੇ ਲੋਕ ਮੰਚ ਪੰਜਾਬ ਦੇ ਇਸ ਯਤਨ ਦੀ ਸ਼ਲਾਘਾ ਕਰ ਰਹੇ ਨੇ।