ਇਹ ਆਕਾਸ਼ਵਾਣੀ ਹੈ

ਰੇਡੀਓ ਦੀਆਂ ਯਾਦਾਂ (29)
ਡਾ. ਦੇਵਿੰਦਰ ਮਹਿੰਦਰੂ
ਜਲੰਧਰ ਰੇਡੀਓ ਤੋਂ ਜਿਹੜੇ ਆਪਾਂ ਪ੍ਰਦੇਸ਼ਕ ਸਮਾਚਾਰ ਸੁਣਦੇ ਹਾਂ, ਪੰਜਾਬੀ ਅਤੇ ਹਿੰਦੀ ਦੇ, ਉਹ ਅਸਲ ‘ਚ ਆਕਾਸ਼ਵਾਣੀ ਚੰਡੀਗੜ੍ਹ ਤੋਂ ਪ੍ਰਸਾਰਿਤ ਹੁੰਦੇ ਹਨ। ਜਲੰਧਰ ਰੇਡੀਓ ਰਿਲੇਅ ਹੀ ਕਰ ਰਿਹਾ ਹੁੰਦਾ ਹੈ ਸਿਰਫ਼ ਜਿਸ ਤਰ੍ਹਾਂ ਪੰਜਾਬ ਅਤੇ ਹਰਿਆਣਾ ਦੇ ਬਾਕੀ ਸਾਰੇ ਕੇਂਦਰ ਵੀ ਇਨ੍ਹਾਂ ਨੂੰ ਰਿਲੇਅ ਕਰ ਰਹੇ ਹੁੰਦੇ ਹਨ ਚੰਡੀਗੜ੍ਹ ਤੋਂ ਹੀ। ਦੋਵੇਂ ਪ੍ਰਦੇਸ਼ਾਂ ਦੇ ਰੇਡੀਓ ਸਟੇਸ਼ਨਾਂ ਦਾ ਨਿਊਜ਼ ਸੈਕਸ਼ਨ ਚੰਡੀਗੜ੍ਹ ਰੇਡੀਓ ਵਿਖੇ ਸਥਿਤ ਹੈ।
ਜੂਨ 2007 ਦਾ ਕੋਈ ਦਿਨ ਸੀ। ਡਾਕਟਰ ਕੇ. ਸੀ. ਦੂਬੇ, ਕੇਂਦਰ ਨਿਰਦੇਸ਼ਕ ਨੂੰ ਵਿਦਾਇਗੀ ਪਾਰਟੀ ਦੇ ਰਹੇ ਸਾਂ। ਬਾਕੀ ਸਾਰੇ ਤਾਂ ਜਾਣਦੇ ਸਨ ਪਰ ਇੱਕ ਸ਼ਖ਼ਸ ਟੋਪੀ ਪਾਈ ਬੈਠਾ ਸੀ ਮੇਰੇ ਅੱਗੇ, ਪਛਾਣ ‘ਚ ਨਹੀਂ ਸੀ ਆ ਰਿਹਾ ਉਹ ਵਿਅਕਤੀ। ਉਹ ਕਦੇ ਕੈਪ ਪਾ ਲੈਂਦਾ, ਕਦੇ ਉਤਾਰ ਦਿੰਦਾ। ਕੈਪ ਉਤਾਰ ਕੇ ਉਹ ਆਪਣੇ ਵਾਲਾਂ ‘ਚ ਹੱਥ ਜ਼ਰੂਰ ਫ਼ੇਰਦਾ। ਪਾਰਟੀ ਹੋਈ, ਭਾਸ਼ਣ ਦਿੱਤੇ ਗਏ, ਜਿੰਨਾ ਕੁ ਮੈਨੂੰ ਯਾਦ ਹੈ, ਨਾ ਉਸ ਨੇ ਕੋਈ ਸਪੀਚ ਦਿੱਤੀ ਅਤੇ ਨਾ ਹੀ ਮੈਂ। ਬਾਅਦ ‘ਚ ਪਤਾ ਲੱਗਿਆ ਉਹ ਪਰਵੇਸ਼ ਸ਼ਰਮਾ ਸਨ, ਨਿਊਜ਼ ਸੈਕਸ਼ਨ ਦੇ ਮੁਖੀ। ਪਾਰਟੀ ਤੋਂ ਬਾਅਦ ਉਨ੍ਹਾਂ ਨੇ ਆ ਕੇ ਗੱਲ ਕੀਤੀ ਅਤੇ ਦੱਸਿਆ ਕਿ ਜਦੋਂ ਮੈਂ ਜਲੰਧਰ ਰੇਡੀਓ ‘ਚ ਸਾਂ, ਉਹ ਉੱਥੇ PIB ‘ਚ ਸਨ, ਅਤੇ ਕਈ ਵਾਰ ਸੁਨਾਮ ਤੋਂ ਮਾਮਾ ਜੀ ਦਾ ਸੁਨੇਹਾ ਲਾਉਣ ਆ ਜਾਂਦੇ ਸਨ ਮੈਨੂੰ। ਉਹ ਸਭ ਤਾਂ ਯਾਦ ਆ ਗਿਆ, ਪਰ ਪਰਵੇਸ਼ ਸ਼ਰਮਾ ਦੀ ਦਿੱਖ ਇੰਨੀ ਬਦਲ ਗਈ ਸੀ ਕਿ ਮੈਂ ਮੰਨਣ ਨੂੰ ਤਿਆਰ ਨਹੀਂ ਸਾਂ ਕਿ ਇਹ ਉਹੀ ਪਰਵੇਸ਼ ਸ਼ਰਮਾ ਸੀ।
”ਭੈਣ ਜੀ, ਮੈਂ ਤਾਂ ਤੁਹਾਨੂੰ ਦੇਖਦੇ ਹੀ ਪਛਾਣ ਲਿਆ ਸੀ। ” ਗੱਲ ਮੈਨੂੰ ਬਾਅਦ ‘ਚ ਸਮਝ ਆਈ। ਹੁਣ ਉਹ ਇੱਕ ਜ਼ਿਮੇਵਾਰੀ ਵਾਲੀ ਸੀਟ ‘ਤੇ ਬੈਠਾ ਇੱਕ ਵੱਡਾ ਅਫ਼ਸਰ ਸੀ। ਬੇਸ਼ੱਕ ਅਫ਼ਸਰਾਂ ਵਾਲੀ ਕੋਈ ਫ਼ੂੰ ਫ਼ਾਂ ਉਹਦੇ ਨੇੜਿਓਂ ਵੀ ਨਹੀਂ ਸੀ ਲੰਘੀ। ਪਰ ਵਕਤ ਨੇ, ਪੜ੍ਹਾਈ ਲਿਖਾਈ ਨੇ, ਰੁਤਬੇ ਨੇ ਮੇਰੇ ਇਸ ਭਰਾ ਦਾ ਵਿਅਕਤਿਤਵ ਨਿਖਾਰ ਦਿੱਤਾ ਸੀ ਅਤੇ ਉੱਪਰੋਂ ਉਹ ਸਟਾਇਲਿਸ਼ ਕੈਪ ਅਤੇ ਉਹਨੂੰ ਲਾਹੁਣ ਪਾਉਣ ਦਾ ਅੰਦਾਜ਼।
ਅਸੀਂ ਲਗਭਗ ਇੱਕ ਸਾਲ ਇਕੱਠੇ ਕੰਮ ਕੀਤਾ। ਮੈਂ ਪ੍ਰੋਗਰਾਮ ਹੈੱਡ ਅਤੇ ਉਹ ਨਿਊਜ਼ ਹੈੱਡ। ਨਿਊਜ਼ ਰੂਮ ਗਰਾਊਂਡ ਫ਼ਲੋਰ ‘ਤੇ ਸੀ, ਅਤੇ ਪ੍ਰੋਗਰਾਮ ਵਾਲਾ ਸਾਰਾ ਸਟਾਫ਼ ਫ਼ਸਟ ਫ਼ਲੋਰ ‘ਤੇ ਬੈਠਦਾ ਸੀ। ਉਹ ਨੀਚੇ ਪੋਰਚ ‘ਤੇ ਅਤੇ ਮੈਂ ਉੱਪਰ ਬੈਲਕਨੀ ‘ਚ ਖੜ੍ਹੀ ਹੋ ਕੇ ਅਕਸਰ ਗੱਲ ਕਰਦੇ ਸਾਂ, ਇੱਕ ਮੁਹੱਲੇ ਦੀ ਤਰ੍ਹਾਂ। ਸੁਨਾਮ ਦਾ ਕਲਚਰ ਕਦੇ ਨਹੀਂ ਗਿਆ ਸਾਡੇ ਦੋਵਾਂ ‘ਚੋਂ। ਮੇਰਾ ਲਗਭਗ ਸਾਰਾ ਬਚਪਨ ਸੁਨਾਮ , ਮੇਰੇ ਨਾਨਕੇ, ਹੀ ਬੀਤਿਆ ਅਤੇ ਪਰਵੇਸ਼ ਤਾਂ ਹਨ ਹੀ ਉੱਥੋਂ ਦੇ।
ਇੱਕ ਸਾਲ ਬਾਦ ਮੈਂ ਵਾਪਿਸ ਸ਼ਿਮਲਾ ਚਲੀ ਗਈ। ਇੱਕ ਵਾਰ ਸ਼ਿਮਲਾ ਨਿਊਜ਼ ਸੈਕਸ਼ਨ ਨੇ ਕੈਯੂਅਲ ਨਿਊਜ਼ ਰੀਡਰਾਂ ਦਾ ਪੈਨਲ ਬਣਾਉਣਾ ਸੀ। ਪਰਵੇਸ਼ ਨੂੰ ਵਿਸ਼ੇਸ਼ ਤੌਰ ‘ਤੇ ਚੰਡੀਗੜ੍ਹ ਤੋਂ ਬੁਲਾਇਆ ਗਿਆ ਸੀ। ਉਹ ਪਰਿਵਾਰ ਸਹਿਤ ਆਏ। ਮੈਂ ਬਸ ਸਟੈਂਡ ਉਨ੍ਹਾਂ ਨੂੰ ਲੈਣ ਵਾਸਤੇ ਪਹੁੰਚੀ ਕਿਉਂਕਿ ਮੈਨੂੰ ਲੱਗਿਆ ਭਾਬੀ ਤੇ ਬੱਚਿਆਂ ਨੂੰ ਪਰਿਵਾਰ ਵਾਲਾ ਅਹਿਸਾਸ ਹੋਣਾ ਚਾਹੀਦਾ ਹੈ। ਉਨ੍ਹਾਂ ਦਿਨਾਂ ‘ਚ ਮੇਰੇ ਮੰਮੀ ਮੇਰੇ ਕੋਲ ਆਏ ਹੋਏ ਸਨ। ਘਰ ਖਾਣੇ ਉਤੇ ਆਏ ਪਰਵੇਸ਼ ਅਤੇ ਮੇਰੀ ਮਾਂ ਦੀਆਂ ਗੱਲਾਂ ਸੁਣਨ ਵਾਲੀਆਂ ਸਨ। ਭੂਆ ਜੀ-ਭੂਆ ਜੀ ਹੋ ਰਹੀ ਸੀ ਹਰ ਪਾਸੇ, ਅਤੇ ਅਸੀਂ ਦੋਵਾਂ ਨੇ ਆਪਣੇ ਮੁਹੱਲੇ ਦਾ ਕੋਈ ਬੰਦਾ ਨਹੀਂ ਛੱਡਿਆ ਜਿਸ ਨੂੰ ਯਾਦ ਨਾ ਕੀਤਾ ਹੋਵੇ। ਲੱਗਿਆ ਜਿਵੇਂ ਸੁਨਾਮ ਬੈਠੇ ਹਾਂ, ਉਹ ਪਟਵਾਰਨ, ਉਹ ਫ਼ਲਾਣਾ ਤਹਿਸੀਲਦਾਰ, ਉਹ ਪਰਤਾਪੀ ਦਾਈ ਅਤੇ ਪਰਵੇਸ਼ ਦੀ ਉਹ ਕਹਾਵਤ, ”ਸਾਡੀ ਬੁੱਢੀ ਕਮਲੀ ਹੈ, ਲੋਕਾਂ ਦੇ ਭਾਂਡੇ ਚੱਕ ਲਿਆਉਂਦੀ ਹੈ।”
****
ਸਰੋਜ ਵਸ਼ਿਸ਼ਠ ਦਿੱਲੀ ਰੇਡੀਓ ‘ਚ ਰਹੇ, ਪਰ ਰਿਟਾਇਰਮੈਂਟ ਤੋਂ ਬਾਅਦ ਉਨ੍ਹਾਂ ਨੇ ਸ਼ਿਮਲੇ ਰਹਿਣਾ ਚੁਣਿਆ। ਜੇਲ੍ਹਾਂ ‘ਚ ਜਾ ਕੇ ਬਹੁਤ ਕੰਮ ਕੀਤਾ ਉਨ੍ਹਾਂ ਸ਼ਿਮਲਾ ਅ ਤੇ ਉਸਦੇ ਆਸਪਾਸ ਦੇ ਇਲਾਕਿਆਂ ‘ਚ। ਇੱਕ ਦਿਨ ਰੇਡੀਓ ਸਟੇਸ਼ਨ ‘ਤੇ ਆਏ। ਮੇਰੇ ਕਮਰੇ ਦੇ ਦਰਵਾਜ਼ੇ ‘ਤੇ ਖੜ੍ਹੇ ਹੋ ਕੇ ਉਨ੍ਹਾਂ ਜਿਸ ਤਰ੍ਹਾਂ ਦੇਵਿੰਦਰ ਕਿਹਾ ਮੈਂ ਭੁਲੇਖਾ ਖਾ ਗਈ, ਮੇਰੇ ਸਾਹਮਣੇ ਸੱਤਰ ਕੁ ਸਾਲਾਂ ਦੀ ਇੱਕ ਔਰਤ ਖੜ੍ਹੀ ਸੀ। ਗਲ ‘ਚ ਛੇ ਸੱਤ ਮਾਲਾਵਾਂ, ਬਾਹਾਂ ਅਲੱਗ ਅਲੱਗ ਡਿਜ਼ਾਇਨ ਦੇ ਕੜਿਆਂ ਅਤੇ ਚੂੜੀਆਂ ਨਾਲ ਭਰੀਆਂ ਹੋਈਆਂ। ਕੱਪੜੇ ਸਟਾਇਲਿਸ਼, ਐਨਕ ਇੰਨ੍ਹਾਂ ਸਾਰੀਆਂ ਚੀਜ਼ਾਂ ਨਾਲੋਂ ਵੱਧ ਧਿਆਨ ਖਿੱਚਣ ਵਾਲੀ।
”ਮੈਂ ਸਰੋਜ ਵਸ਼ਿਸ਼ਠ।” ਬਹੁਤ ਖ਼ਲੂਸ ਨਾਲ ਮਿਲੇ। ਨਾਂ ਤਾਂ ਸੁਣਿਆ ਹੋਇਆ ਸੀ, ਮਿਲ ਪਹਿਲੀ ਵਾਰ ਰਹੀ ਸਾਂ। ਅੱਛੇ ਕਹਾਣੀ ਲੇਖਕ, ਕਦੇ ਉਨ੍ਹਾਂ ਨੂੰ ਕਹਾਣੀ ਪੜ੍ਹਨ ਲਈ ਬੁਲਾ ਲੈਂਦੀ, ਕਦੇ ਇੰਟਰਵਿਊ ਲਈ। ਪਰ ਜ਼ਿਆਦਾ ਕੰਮ ਉਨ੍ਹਾਂ ਦਾ ਕੈਦੀਆਂ ‘ਤੇ ਹੀ ਰਿਹਾ। ਜਿਹੜੇ ਕੈਦੀ ਕੁਝ ਲਿਖਦੇ ਸਨ ਕਵਿਤਾ, ਕਹਾਣੀ, ਉਹ ਜਦੋਂ ਪੈਰੋਲ ‘ਤੇ ਘਰ ਜਾਂਦੇ ਸਨ, ਸਰੋਜ ਜੀ ਮੈਨੂੰ ਬਾਰ ਬਾਰ ਉਨ੍ਹਾਂ ਨੂੰ ਰਿਕਾਰਡਿੰਗ ਲਈ ਬੁਲਾਉਣ ਲਈ ਕਹਿੰਦੇ। ਜੇਲ੍ਹਾਂ ‘ਚ ਕੀਤੇ ਕੰਮ ਦਾ ਹਰ ਪ੍ਰੈੱਸ ਨੋਟ ਉਹ ਸ਼ਿਮਲਾ ਨਿਊਜ਼ ਰੂਮ ਨੂੰ ਭੇਜਦੇ। ਇੱਕ ਕਾਪੀ ਮੈਨੂੰ ਭੇਜ ਕੇ ਮੇਰੀ ਡਿਊਟੀ ਲਾ ਦਿੰਦੇ ਕਿ ਖ਼ਬਰ ਲੱਗਣੀ ਚਾਹੀਦੀ ਹੈ। ਨੀਰਜ ਰਾਣਾ ਸਨ ਨਿਊਜ਼ ਹੈੱਡ ਸ਼ਿਮਲਾ ਨਿਊਜ਼ ਰੂਮ ਦੇ, ਉਨ੍ਹਾਂ ਦਿਨਾਂ ‘ਚ। ਉਹ ਕਦੇ ਕਦੇ ਕਹਿ ਦਿੰਦੇ, ”ਕਿਆ ਮੈਡਮ, ਕਿਤਨੀ ਬਾਰ ਲਗਾਏਂ ਖ਼ਬਰ?”
ਮੇਰਾ ਜਵਾਬ ਹੁੰਦਾ ਸੀ ਕਿ ਸਾਰਾ ਵਕਤ ਮੁੱਖ ਮੰਤਰੀ ਦੀਆਂ ਖ਼ਬਰਾਂ ਵਾਸਤੇ ਤਾਂ ਨਹੀਂ ਹੁੰਦਾ ਨਾ ਰਾਣਾ ਜੀ, ਸੋਸਾਇਟੀ ਲਈ ਕੰਮ ਕਰ ਰਹੇ ਨੇ, ਲਾ ਦਿਆ ਕਰੋ ਛੋਟੀ ਜਿਹੀ ਖ਼ਬਰ। ਅਤੇ ਉਹ ਮੰਨ ਜਾਂਦੇ। ਇਹ ਗੱਲ ਵੱਖਰੀ ਹੈ ਕਿ ਅਸੀਂ ਪ੍ਰੋਗਰਾਮਾਂ ਵਾਲੇ ਨਿਊਜ਼ ਵਾਲਿਆਂ ਦੇ ਕੰਮ ‘ਚ ਕੋਈ ਦਖ਼ਲਅੰਦਾਜ਼ੀ ਨਹੀਂ ਸੀ ਕਰਦੇ ਅਤੇ ਨਾ ਹੀ ਇੰਝ ਕਰਨਾ ਬਣਦਾ ਹੈ, ਪਰ ਸਰੋਜ ਵਸ਼ਿਸ਼ਠ ਦੇ ਕੰਮ ਨੂੰ ਦੇਖਦੇ ਹੋਏ ਮੈਂ ਭੁੱਲ ਜਾਂਦੀ ਸੀ ਆਪਣੀ ਹੱਦ, ਅਤੇ ਉਹਨੂੰ ਕਰੌਸ ਕਰ ਜਾਂਦੀ ਸੀ। ਦੂਜਾ ਵਧੀਆ ਕੰਮ ਉਹ ਕਰਦੇ ਸਨ ਸ਼ਿਮਲਾ ਰੇਡੀਓ ਨੂੰ ਸੁਣਨਾ। ਚਲੋ ਕਦੇ ਤਾਰੀਫ਼ ਦਾ ਵੀ ਫ਼ੋਨ ਕੀਤਾ ਹੋਵੇਗਾ ਉਨ੍ਹਾਂ ਨੇ, ਪਰ ਜ਼ਿਆਦਾਤਰ ਫ਼ੋਨ ਸ਼ਿਕਾਇਤ ਵਾਲੇ ਹੀ ਹੁੰਦੇ ”ਦੇਖ ਤਾਂ ਲਿਆ ਕਰ ਕੀ ਬੋਲਦੇ ਨੇ ਤੇਰੇ ਅਨਾਊਂਸਰ।” ਹਰ ਗ਼ਲਤੀ ਦੀ ਰਿਪੋਰਟ ਮੇਰੇ ਕੋਲ ਹੁੰਦੀ ਸੀ ਦਫ਼ਤਰ ਪਹੁੰਚਣ ਤੋਂ ਪਹਿਲਾਂ। ਸੁਧਾਰ ਦਾ ਮੌਕਾ ਮਿਲਦਾ ਸੀ। ਅਜਿਹੇ ਸ੍ਰੋਤੇ ਕਿੱਥੋਂ ਲੱਭਣੇ ਹਨ ਰੇਡੀਓ ਨੂੰ ਅੱਜਕੱਲ੍ਹ? ਇਹੋ ਜਿਹੇ ਲੋਕਾਂ ਨੇ ਸਾਰੀ ਉਮਰ ਰੇਡੀਓ ਲਈ ਕੰਮ ਕੀਤਾ, ਜਦੋਂ ਨੌਕਰੀ ‘ਚ ਸਨ ਓਦੋਂ ਤਾਂ ਕੀਤਾ ਹੀ ਕੀਤਾ, ਰਿਟਾਇਰ ਹੋ ਕੇ ਵੀ ਆਖ਼ਿਰੀ ਸਾਹ ਤਕ ਰੇਡੀਓ ਨਾਲ ਜਿਉਂਦੇ ਰਹੇ ਅਤੇ ਜੁੜੇ ਰਹੇ। ਸੱਚੀਓਂ, ਐਸੇ ਐਸੇ ਲੋਕਾਂ ਨੂੰ ਚੇਤੇ ਕਰਦਿਆਂ ਮੈਨੂੰ ਸੁਖਦ ਅਹਿਸਾਸ ਹੁੰਦਾ ਹੈ। ਸਲਾਮ ਹੈ ਉਨਾਂ ਸਭਨਾਂ ਨੂੰ!