ਇਨਸਾਨ ਬਣਨ ਲਈ ਮੇਰੀ ਜੱਦੋਜਹਿਦ – 1468

ਵੈੱਬ ਸੀਰੀਜ਼ ਅਤੇ ਲੜੀਵਾਰ ਚੱਲਣ ਵਾਲੇ ਨਾਟਕ ਇੱਕ ਉਮਦਾ ਉਦਾਹਰਣ ਹਨ। ਉਹ ਚੱਲਦੇ ਹੀ ਰਹਿੰਦੇ ਹਨ ਅਤੇ ਮੁੱਕਣ ਦਾ ਨਾਮ ਹੀ ਨਹੀਂ ਲੈਂਦੇ … ਹਫ਼ਤਾ-ਦਰ-ਹਫ਼ਤਾ ਅਤੇ ਸਾਲ-ਦਰ-ਸਾਲ। ਸਹੀ ਮਾਅਨੇ ‘ਚ ਸਫ਼ਲ ਕਹੀ ਜਾਣ ਵਾਲੀ ਕੋਈ-ਕੋਈ ਸੀਰੀਜ਼ ਤਾਂ ਦਹਾਕਿਆਂ ਬੱਧੀ ਚੱਲਦੀ ਹੈ। ਕਦੇ ਵੀ ਕਹਾਣੀ ਦਾ ਗ੍ਰੈਂਡ ਫ਼ਿਨਾਲੇ ਨਹੀਂ ਹੁੰਦਾ, ਭਾਵ ਕੋਈ ਸ਼ਾਨਦਾਰ ਅੰਤ ਨਹੀਂ। ਨਾਟਕ ‘ਤੇ ਅੰਤਿਮ ਪਰਦਾ ਕਦੇ ਡਿਗਦਾ ਹੀ ਨਹੀਂ। ਦਿਲ ਨੂੰ ਦਿਲਾਸਾ ਦੇਣ ਵਾਲੀ ਸਮਾਪਤੀ ਜਾਂ ਫ਼ਲਦਾਇਕ ਹੱਲ ਦਾ ਕੋਈ ਵੀ ਪਲ ਨਸੀਬ ਨਹੀਂ ਹੁੰਦਾ। ਦਰਸ਼ਕਾਂ ਨੂੰ ਕੇਵਲ ਇੱਕ ਹੀ ਸਪੱਸ਼ਟ ਨਿਰਦੇਸ਼ ਦਿੱਤਾ ਜਾਂਦਾ ਹੈ। ਅਗਲੀ ਕਿਸ਼ਤ ਦੇਖੋ, ਕੱਲ੍ਹ ਸ਼ਾਮ ਇਸੇ ਵਕਤ। ਅਤੇ ਉਸ ਤੋਂ ਅਗਲੇ ਕੱਲ੍ਹ। ਅਤੇ ਫ਼ਿਰ ਉਸ ਤੋਂ ਅਗਲੇ ਕੱਲ੍ਹ। ਕੀ ਆਪਣੀ ਭਾਵਨਾਤਮਕ ਜ਼ਿੰਦਗੀ ਦਾ ਵੀ ਤੁਸੀਂ ਹੁਣ ਇਹੋ ਜਿਹਾ ਹਾਲ ਚਾਹੁੰਦੇ ਹੋ? ਤੁਹਾਡੇ ਸੰਸਾਰ ਦੇ ਇੱਕ ਅਹਿਮ ਖੇਤਰ ‘ਚ ਲਕੀਰ ਖਿੱਚਣੀ ਸੰਭਵ ਹੈ। ਉਸ ਲਈ ਹਿੰਮਤ ਦੀ ਲੋੜ ਪਵੇਗੀ। ਪਰ ਕੰਮ ਇਹ ਕਰਨ ਲਾਇਕ ਹੈ!

ਅਸੀਂ ਉਹ ਕਰਦੇ ਹਾਂ ਜੋ ਅਸੀਂ ਕਰਦੇ ਹਾਂ ਜਦੋਂ ਸਾਨੂੰ ਕਰਨਾ ਪਵੇ! ਜਦੋਂ ਉਹ ਸਾਨੂੰ ਕਰਨਾ ਪਵੇ, ਅਸੀਂ ਉਸ ਨੂੰ ਉਸ ਤੋਂ ਪਹਿਲਾਂ ਕਦੇ ਨਹੀਂ ਕਰਦੇ। ਅਤੇ ਜੇ ਉਹ ਸਾਨੂੰ ਕਰਨਾ ਹੀ ਨਾ ਪਵੇ, ਅਸੀਂ ਉਹ ਨਹੀਂ ਕਰਦੇ! ਖ਼ੈਰ, ਘੱਟਘੱਟ, ਵੱਡੇ ਕਾਰਜ ਤਾਂ ਹਰਗਿਜ਼ ਨਹੀਂ। ਅਸੀਂ ਕਈ ਤਰ੍ਹਾਂ ਦੀਆਂ ਲਾਡਲੀਆਂ ਸਰਗਰਮੀਆਂ ‘ਚ ਰੁੱਝ ਸਕਦੇ ਹਾਂ ਜਿਹੜੀਆਂ ਕਰਦੇ ਵਕਤ ਬੇਸ਼ੱਕ ਸਖ਼ਤ ਗੰਭੀਰ ਲੱਗਦੀਆਂ ਹੋ ਸਕਦੀਆਂ ਨੇ, ਪਰ ਜਦੋਂ ਗੱਲ ਜੀਵਨ ਦੀਆਂ ਪ੍ਰਮੁੱਖ ਚੋਣਾਂ ਦੀ ਆਉਂਦੀ ਹੈ … ਉਹ ਓਦੋਂ ਹੀ ਹੁੰਦੀਆਂ ਹਨ ਜਦੋਂ ਉਨ੍ਹਾਂ ਨੂੰ ਲੋੜ ਹੁੰਦੀ ਹੈ। ਜੇ, ਪਿੱਛਲਝਾਤ ਮਾਰਦਿਆਂ, ਅਸੀਂ ਇਹ ਨਹੀਂ ਸਮਝ ਸਕਦੇ ਕਿ ਉਨ੍ਹਾਂ ਨੂੰ ਲੋੜ ਕੀ ਪਈ ਸੀ ਤਾਂ ਉਹ ਇਸ ਲਈ ਕਿਉਂਕਿ ਸਾਡੇ ਚੇਤੇ ਬਹੁਤ ਚੋਣਵੇਂ ਹਨ। ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਜੋ ਹਾਲ ਹੀ ‘ਚ ਵਾਪਰਿਐ, ਉਸ ਵਿੱਚ ਯਕੀਨ ਰੱਖੋ। ਅਤੇ ਉਸ ਵਿੱਚ ਵੀ ਜਿਸ ਪਾਸੇ ਇਹ ਤੁਹਾਨੂੰ ਅੱਗੋਂ ਲੈ ਕੇ ਜਾ ਰਿਹੈ!

ਇੱਕ ਵਾਰ ਦੀ ਗੱਲ ਹੈ ਲੋਕ ਧਰਤੀ ਗ੍ਰਹਿ ‘ਤੇ ਆਏ ਅਤੇ ਆਪਣੀਆਂ ਜ਼ਿੰਦਗੀਆਂ ਦੇ ਡੂੰਘੇ, ਅਧਿਆਤਮਕ ਮਾਅਨੇ ਢੂੰਡਣ ਲੱਗੇ। ਉਨ੍ਹਾਂ ਨੇ ਖ਼ੁਦ ਬਾਰੇ ਅਤੇ ਇਸ ਬ੍ਰਹਿਮੰਡ ਬਾਬਤ ਬਹੁਤ ਸਾਰੇ ਗੰਭੀਰ ਸਵਾਲ ਪੁੱਛੇ। ਉਹ ਗਿਆਨ ਭਾਲਦੇ ਸਨ, ਇੱਥੋਂ ਤਕ ਕਿ ਆਤਮ-ਗਿਆਨ ਵੀ, ਤਾਂ ਕਿ ਉਨ੍ਹਾਂ ਨੂੰ ਮੁਕਤੀ ਪ੍ਰਾਪਤ ਹੋ ਸਕੇ। ਪਰ ਫ਼ਿਰ, ਕਿਸੇ ਚਮਕਦੀ ਬੁੱਧੀ ਨੇ ਟੈਲੇਵਿਯਨ ਦੀ ਇਜਾਦ ਕਰ ਮਾਰੀ, ਅਤੇ ਉਸ ਸਭ ਕੁਝ ਦਾ ਅੰਤ ਹੋ ਗਿਆ। ਹੁਣ, ਸਾਡੇ ‘ਚੋਂ ਹਰ ਕੋਈ ਜੇ ਕੁਝ ਵੀ ਚਾਹੁੰਦੈ ਤਾਂ ਉਹ ਹੈ ਕਿਸੇ ਮੂਵੀ ਸਟਾਰ ਵਰਗਾ ਜੀਵਨ ਜਿਊਣਾ। ਇੱਕ ਸੁਹਣਾ ਅਤੇ ਕਹਿਣਾ ਮੰਨਣ ਵਾਲਾ ਜੀਵਨ ਸਾਥੀ ਅਤੇ ਕੁਝ ਕੁ ਬੱਚੇ। ਉਹ ਸਭ ਕੁਝ, ਅਤੇ ਇੱਕ ਚੰਗੀ ਨੌਕਰੀ … ਨਿਸ਼ਚਿਤ ਤੌਰ ‘ਤੇ ਇਹੀ ਤਾਂ ਉਹ ਸਭ ਕੁਝ ਹੈ ਜੋ ਸਾਡੇ ‘ਚੋਂ ਕਿਸੇ ਨੂੰ ਵੀ ਚਾਹੀਦਾ ਹੋ ਸਕਦੈ। ਕਿ ਨਹੀਂ? ਜੇਕਰ ਤੁਸੀਂ ਇਸ ਤੋਂ ਵੱਧ ਦੀ ਤਾਲਾਸ਼ ਕਰ ਰਹੇ ਹੋ, ਆਪਣੇ ਦਿਲ ਅਤੇ ਜੀਵਨ ‘ਚ ਤਾਂ ਉਹ ਤੁਹਾਨੂੰ ਮਿਲਣਾ ਹਾਲੇ ਵੀ ਸੰਭਵ ਹੈ!

ਬਿਹਤਰੀਨ ਡਰਾਉਣੀਆਂ ਮੂਵੀਆਂ ‘ਚ, ਅਸੀਂ ਕਦੇ ਵੀ ਸਪੱਸ਼ਟ ਤੌਰ ‘ਤੇ ਸ਼ੈਤਾਨ ਨੂੰ ਨਹੀਂ ਦੇਖਦੇ। ਸਾਨੂੰ ਕੇਵਲ ਪਲ-ਛਿਣ ਲਈ ਉਸ ਦੀ ਇੱਕ ਧੁੰਦਲੀ ਜਿਹੀ ਝਲਕ ਦਿਖਾਈ ਦਿੰਦੀ ਹੈ। ਇਸ ਦਾ ਕਾਰਨ ਸਿਰਫ਼ ਇੰਨਾ ਹੈ ਕਿ ਕੋਈ ਵੀ ਸ਼ੈਅ ਸਾਡੀ ਖ਼ੁਦ ਦੀ ਕਲਪਨਾ ਦੀ ਤਾਕਤ ਦਾ ਮੁਕਾਬਲਾ ਨਹੀਂ ਕਰ ਸਕਦੀ। ਕਿਸੇ ਡਰਾਉਣੀ ਸ਼ੈਅ ਦਾ ਸੰਕੇਤ ਮਾਤਰ ਮਿਲਣ ‘ਤੇ, ਅਸੀਂ ਆਪਣੇ ਦੀਮਾਗ਼ ਦੀ ਅੱਖ ‘ਚ ਇੱਕ ਬੇਹੱਦ ਭਿਆਨਕ ਤਸਵੀਰ ਚਿੱਤਰ ਲੈਂਦੇ ਹਾਂ। ਫ਼ਿਰ ਭਾਵੇਂ ਅਸੀਂ ਕਿੰਗ ਕੌਂਗ ਜਾਂ ਗੌਦਜ਼ੀਲ੍ਹਾ ਦੀ ਪਹਿਲੀ ਝਲਕ ਦੇਖਦਿਆਂ ਹੀ ਥੋੜ੍ਹੇ ਤ੍ਰਭਕ ਜਾਈਏ, ਪਰ ਛੇਤੀ ਹੀ ਅਸੀਂ ਉਸ ਅਕਸ ਤੋਂ ਜਾਣੂ ਹੋ ਜਾਂਦੇ ਹਾਂ ਅਤੇ ਹੌਲੀ-ਹੌਲੀ ਸਾਡਾ ਭੈਅ ਘੱਟਦਾ ਜਾਂਦੈ। ਤੁਹਾਨੂੰ ਖ਼ਦਸ਼ਾ ਹੈ ਕਿ ਤੁਹਾਡੀ ਭਾਵਨਾਤਮਕ ਜ਼ਿੰਦਗੀ ‘ਚ ਇੱਕ ਵੱਡੀ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ। ਪਰ ਜੇ ਤੁਸੀਂ ਉਸ ਵੱਲ ਧਿਆਨ ਨਾਲ ਦੇਖੋ ਜੋ ਸੱਚਮੁੱਚ ਵਾਪਰ ਰਿਹੈ, ਤੁਹਾਨੂੰ ਚਿੰਤਾ ਕਰਨ ਦਾ ਬਹੁਤ ਹੀ ਘੱਟ ਕੋਈ ਕਾਰਨ ਦਿਖਾਈ ਦੇਵੇਗਾ।

ਜੇ ਤੁਸੀਂ ਖ਼ੁਦ ਨੂੰ ਇੱਕ ਸਾਧਾਰਣ ਵਿਅਕਤੀ ਸਮਝਣਾ ਪਸੰਦ ਵੀ ਕਰਦੇ ਹੋ, ਤੁਹਾਨੂੰ ਇੱਕ ਅਸਧਾਰਣ ਹੱਦ ਤਕ ਸਿਰਜਣਾਤਮਕ ਦਿਮਾਗ਼ ਦੀ ਬਖ਼ਸ਼ਿਸ਼ ਹੈ। ਤੁਹਾਡੀਆਂ ਪ੍ਰਤੀਕਿਰਿਆਵਾਂ ਅਤੇ ਵਿਚਾਰ ਕੁਝ ਵੀ ਹੋਣ ਪਰ, ਜ਼ਿੰਦਗੀ ਦੇ ਘੱਟੋਘੱਟ ਕਿਸੇ ਇੱਕ ਪੱਧਰ ‘ਤੇ, ਉਹ ਅਨੁਮਾਨਿਤ ਨਹੀਂ। ਤੁਸੀਂ ਨਵੀਆਂ ਸੰਭਾਵਨਾਵਾਂ ਖੋਜਣਾ ਅਤੇ ਸਥਿਤੀਆਂ ਨੂੰ ਵੱਖੋ-ਵੱਖਰੇ ਦ੍ਰਿਸ਼ਟੀਕੋਣਾਂ ਤੋਂ ਦੇਖਣਾ ਪਸੰਦ ਕਰਦੇ ਹੋ। ਇਹੀ ਕਾਰਨ ਹੈ ਕਿ ਕਈ ਵਾਰ ਤੁਸੀਂ ਖ਼ੁਦ ਨੂੰ ਮੁਸੀਬਤ ‘ਚ ਫ਼ਸਾ ਬੈਠਦੇ ਹੋ। ਤੁਸੀਂ ਉਨ੍ਹਾਂ ਰਾਹਾਂ ਦੀ ਖੋਜ ਕਰਨ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਦੇ ਜਿਨ੍ਹਾਂ ਤੋਂ ਦੂਸਰੇ ਕੋਹਾਂ ਦੂਰ ਰਹਿਣਾ ਚਾਹੁੰਦੇ ਹਨ। ਕੀ ਤੁਸੀਂ ਇਸ ਵਕਤ ਬਹੁਤ ਦੂਰ ਨਿਕਲ ਰਹੇ ਹੋ? ਹਰਗਿਜ਼ ਨਹੀਂ। ਤੁਸੀਂ ਓਹੀ ਕਰ ਰਹੇ ਹੋ ਜੋ ਤੁਹਾਡੇ ਭਾਵਨਾਤਮਕ ਜੀਵਨ ਲਈ ਸਹੀ ਹੈ। ਅਤੇ ਤੁਹਾਡੇ ਲਈ ਉਹੀ ਠੀਕ ਹੈ। ਉਸ ‘ਤੇ ਭਰੋਸਾ ਰੱਖੋ।