ਸ਼ਰਧਾ ਕਤਲਕਾਂਡ : ਆਫਤਾਬ ਦੇ ਘਰੋਂ ਮਿਲੇ ਮਹੱਤਵਪੂਰਨ ਸਬੂਤ, ਬਾਥਰੂਮ ਤੇ ਰਸੋਈ ‘ਚੋਂ ਮਿਲੇ ਸੁਰਾਗ

ਨੈਸ਼ਨਲ ਡੈਸਕ : ਦਿੱਲੀ ਨੂੰ ਹਿਲਾ ਕੇ ਰੱਖ ਦੇਣ ਵਾਲੇ ਸ਼ਰਧਾ ਕਤਲਕਾਂਡ ‘ਚ ਵੱਡਾ ਸੁਰਾਗ ਮਿਲਿਆ ਹੈ। ਦਰਅਸਲ, ਸੀ. ਐੱਫ. ਐੱਸ. ਐੱਲ. ਨੂੰ ਆਫਤਾਬ ਦੇ ਬਾਥਰੂਮ ਦੀਆਂ ਟਾਈਲਾਂ ‘ਚੋਂ ਖੂਨ ਦੇ ਨਿਸ਼ਾਨ ਮਿਲੇ ਹਨ। ਐੱਫ. ਐੱਸ. ਐੱਲ ਨੂੰ ਆਫਤਾਬ ਦੇ ਘਰ ਦੀ ਰਸੋਈ ‘ਚੋਂ ਖੂਨ ਦੇ ਕੁਝ ਧੱਬੇ ਮਿਲੇ ਹਨ। ਬਾਥਰੂਮ ਦੀਆਂ ਟਾਇਲਾਂ ‘ਤੇ ਵੀ ਖੂਨ ਦੇ ਨਿਸ਼ਾਨ ਮਿਲੇ ਹਨ। ਟਾਈਲਾਂ ਦੇ ਵਿਚਕਾਰਲੇ ਪਾੜੇ ਤੋਂ ਬਹੁਤ ਮਹੱਤਵਪੂਰਨ ਸਬੂਤ ਮਿਲੇ ਹਨ। ਪੁਲਸ ਨੇ ਐੱਫ. ਐੱਸ. ਐੱਲ ਦੀ ਜਾਂਚ ਤੋਂ ਇਲਾਵਾ ਹੋਰ ਤਕਨੀਕ ਨਾਲ ਲੈਸ ਸੀ.ਐੱਫਐੱਸ.ਐੱਲ. ਤੋਂ ਵੀ ਸਬੂਤ ਵੀ ਇਕੱਠੇ ਕਰਵਾਏ ਸਨ। ਸੀ. ਐੱਫ. ਐੱਸ. ਐੱਲ. ਤੋਂ ਰਿਪੋਰਟ ਪ੍ਰਾਪਤ ਕਰਨ ਵਿਚ ਤਕਰੀਬਨ 2 ਹਫ਼ਤੇ ਲੱਗਣਗੇ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਫਤਾਬ ਅਮੀਨ ਪੂਨਾਵਾਲਾ ਦੀ ਪੁਲਸ ਹਿਰਾਸਤ ਚਾਰ ਦਿਨ ਹੋਰ ਵਧਾ ਦਿੱਤੀ ਗਈ। ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਉਸ ਦੀ ਹਿਰਾਸਤ ਵਿਚ ਵਾਧਾ ਕਰਨ ਦੀ ਮੰਗ ਕੀਤੀ ਹੈ ਕਿਉਂਕਿ ਜਾਂਚ ਅਜੇ ਜਾਰੀ ਹੈ। ਸਾਡੀ ਦਰਖਾਸਤ ਦੇ ਆਧਾਰ ‘ਤੇ ਸਾਨੂੰ ਦੋਸ਼ੀ ਦਾ ਚਾਰ ਦਿਨ ਦਾ ਹੋਰ ਰਿਮਾਂਡ ਮਿਲ ਗਿਆ ਹੈ ਜਿਸ ਨਾਲ ਹੋਰ ਸਬੂਤ ਇਕੱਠੇ ਕਰਨ ‘ਚ ਮਦਦ ਮਿਲੇਗੀ।
ਜ਼ਿਕਰਯੋਗ ਹੈ ਕਿ ਆਫਤਾਬ (28) ਨੂੰ ਦਿੱਲੀ ਪੁਲਸ ਨੇ 12 ਨਵੰਬਰ ਨੂੰ ਦੱਖਣੀ ਦਿੱਲੀ ਦੇ ਮਹਿਰੌਲੀ ਇਲਾਕੇ ‘ਚ ਉਸ ਦੇ ਕਿਰਾਏ ਦੇ ਫਲੈਟ ‘ਚ ਸ਼ਰਧਾ ਦੀ ਹੱਤਿਆ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਕਿਹਾ ਸੀ ਕਿ ਆਫਤਾਬ ਨੇ ਸ਼ਰਧਾ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਉਸ ਦੀ ਲਾਸ਼ ਦੇ ਕਰੀਬ 35 ਟੁਕੜੇ ਕਰ ਦਿੱਤੇ, ਜਿਸ ਨੂੰ ਉਸ ਨੇ ਤਿੰਨ ਹਫਤਿਆਂ ਤੱਕ ਘਰ ਦੇ 300 ਲੀਟਰ ਫਰਿੱਜ ਵਿਚ ਰੱਖਿਆ ਅਤੇ ਫਿਰ ਕਈ ਦਿਨਾਂ ਤੱਕ ਵੱਖ-ਵੱਖ ਹਿੱਸਿਆਂ ਵਿਚ ਸੁੱਟ ਦਿੱਤਾ।