ਪੰਜਾਬ ਸਰਕਾਰ ਦੀ 600 ਫ੍ਰੀ ਯੂਨਿਟ ਵਾਲੀ ਯੋਜਨਾ ਨੇ ਪਾਈਆਂ ਵੰਡੀਆਂ, ਸੂਬੇ ’ਚ 76 ਹਜ਼ਾਰ ਪਰਿਵਾਰ ਹੋਏ ਵੱਖ

ਚੰਡੀਗੜ੍ਹ : ਪੰਜਾਬ ‘ਚ 2 ਮਹੀਨਿਆਂ ਵਿੱਚ 600 ਯੂਨਿਟ ਮੁਫ਼ਤ ਬਿਜਲੀ ਮਿਲਣ ਨਾਲ ਪਾਵਰਕਾਮ ‘ਤੇ ਸਬਸਿਡੀ ਦਾ ਬੋਝ ਲਗਾਤਾਰ ਵਧਦਾ ਜਾ ਰਿਹਾ ਹੈ। ਦੂਜੇ ਪਾਸੇ ਮੁਫ਼ਤ ਬਿਜਲੀ ਦੇ ਨਾਂ ‘ਤੇ ਲੋਕਾਂ ਦੇ ਘਰ ਟੁੱਟਦੇ ਜਾ ਰਹੇ ਹਨ। ਅਜਿਹੇ ‘ਚ ਕੁਝ ਇਸ ਤਰ੍ਹਾਂ ਹੋ ਰਿਹਾ ਹੈ ਕਿ ਇਕ ਪਰਿਵਾਰ ਵੰਡ ਦੇ ਨਾਂ ‘ਤੇ ਪਾਵਰਕਾਮ ਵੱਲੋਂ ਘਰ ‘ਚ ਦੋ ਬਿਜਲੀ ਕੁਨੈਕਸ਼ਨ ਦੇਣ ਲਈ ਅਪਲਾਈ ਕਰ ਰਹੇ ਹਨ। ਜਿਸ ਦੇ ਚੱਲਦਿਆਂ ਪਾਵਰਕਾਮ ਨੂੰ ਵੀ ਮਜਬੂਰ ਹੋ ਕੇ ਬਿਜਲੀ ਕੁਨੈਕਸ਼ਨ ਦੇਣੇ ਪੈ ਰਹੇ ਹਨ ਕਿਉਂਕਿ ਅਜਿਹੀਆਂ ਅਰਜ਼ੀਆਂ ਨੂੰ ਰੋਕਣ ਲਈ ਕੋਈ ਕਾਨੂੰਨ ਨਹੀਂ ਹੈ। ਦੱਸਣਯੋਗ ਹੈ ਕਿ ਹੁਣ ਤੱਕ ਕਰੀਬ 76 ਹਜ਼ਾਰ ਵਿਅਕਤੀ ਕੁਨੈਕਸ਼ਨ ਹੋਣ ਦੇ ਬਾਵਜੂਦ ਨਵੇਂ ਕੁਨੈਕਸ਼ਨ ਲੈ ਚੁੱਕੇ ਹਨ।
ਜਾਣਕਾਰੀ ਮੁਤਾਬਕ ਲੋਕ ਦੋ-ਤਿੰਨ ਮੀਟਰ ਕੁਨੈਕਸ਼ਨ ਲੈ ਕੇ 1200 ਤੋਂ 1800 ਯੂਨਿਟ ਮੁਫ਼ਤ ਬਿਜਲੀ ਦਾ ਲਾਭ ਲੈ ਰਹੇ ਹਨ। ਕੁਨੈਕਸ਼ਨ ਲੈਣ ਲਈ ਪਰਿਵਾਰ ਫੰਡ ਦਾ ਸਹਾਰਾ ਲੈ ਰਹੇ ਹਨ। ਹਾਲਾਂਕਿ ਪਾਵਰਕਾਮ ਕੋਲ ਇਸ ਤੱਥ ਦੀ ਪੁਸ਼ਟੀ ਕਰਨ ਦਾ ਕੋਈ ਆਧਾਰ ਨਹੀਂ ਹੈ, ਇਸ ਲਈ ਉਹ ਕੁਨੈਕਸ਼ਨ ਜਾਰੀ ਕਰ ਰਹੀ ਹੈ। ਇਸ ਤੋਂ ਇਲਾਵਾ ਇਸ ਸਾਲ ਹੁਣ ਤੱਕ 2.95 ਲੱਖ ਘਰੇਲੂ ਖਪਤਕਾਰਾਂ ਨੇ ਨਵੇਂ ਕੁਨੈਕਸ਼ਨ ਲਏ ਹਨ ਜਦਕਿ ਪਿਛਲੇ ਸਾਲ ਜਨਵਰੀ ਤੋਂ ਸਤੰਬਰ ਦਰਮਿਆਨ 2.20 ਲੱਖ ਖਪਤਕਾਰਾਂ ਨੇ ਨਵੇਂ ਬਿਜਲੀ ਕੁਨੈਕਸ਼ਨ ਲਏ ਸਨ।
ਦੱਸ ਦੇਈਏ ਕਿ ਘਰੇਲੂ ਖਪਤਕਾਰਾਂ ਨੂੰ ਦੋ ਮਹੀਨਿਆਂ ਵਿੱਚ 600 ਯੂਨਿਟ ਮੁਫ਼ਤ ਬਿਜਲੀ ਦੇਣ ਨਾਲ ਸੂਬਾ ਸਰਕਾਰ ’ਤੇ 6500 ਕਰੋੜ ਰੁਪਏ ਦੀ ਬਿਜਲੀ ਸਬਸਿਡੀ ਦਾ ਬੋਝ ਪੈ ਗਿਆ ਹੈ। ਪਿਛਲੇ ਵਿੱਤੀ ਸਾਲ, ਇਹ ਸਬਸਿਡੀ ਬਿੱਲ 2,150 ਕਰੋੜ ਰੁਪਏ ਸੀ ਅਤੇ 2020-21 ਵਿੱਚ ਇਹ 1,600 ਕਰੋੜ ਰੁਪਏ ਸੀ। ਅਗਲੇ ਸਾਲ ਘਰੇਲੂ ਖਪਤਕਾਰਾਂ ਨੂੰ ਦਿੱਤੀ ਜਾਣ ਵਾਲੀ ਇਹ ਸਬਸਿਡੀ ਵਧ ਕੇ 7,300 ਕਰੋੜ ਰੁਪਏ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਸੂਬਾ ਸਰਕਾਰ ‘ਤੇ ਬਿਜਲੀ ਸਬਸਿਡੀਆਂ ਦਾ ਬੋਝ ਕਰੀਬ 20 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਿਸ ਵਿਚ ਕਿਸਾਨਾਂ ਅਤੇ ਹੋਰ ਬਿਜਲੀ ਸਬਸਿਡੀਆਂ ਵੀ ਸ਼ਾਮਲ ਹਨ।