MCD ਚੋਣ : ‘ਆਪ’ ਨੇ ਸ਼ੁਰੂ ਕੀਤਾ ‘ਕੇਜਰੀਵਾਲ ਦੀ ਸਰਕਾਰ, ਕੇਜਰੀਵਾਲ ਦਾ ਪ੍ਰਾਸ਼ਦ’ ਮੁਹਿੰਮ

ਨਵੀਂ ਦਿੱਲੀ – ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਚੋਣਾਂ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਮ ਆਦਮੀ ਪਾਰਟੀ (ਆਪ) ਦੇ ‘ਕੇਜਰੀਵਾਲ ਦੀ ਸਰਕਾਰ, ਕੇਜਰੀਵਾਲ ਦਾ ਪ੍ਰਾਸ਼ਦ’ ਮੁਹਿੰਮ ਦੀ ਸੋਮਵਾਰ ਨੂੰ ਸ਼ੁਰੂਆਤ ਕੀਤੀ। ਨਾਲ ਹੀ ਉਨ੍ਹਾਂ ਨੇ ਭਾਜਪਾ ‘ਤੇ ਆਪਣੇ ਹਮਲੇ ਜਾਰੀ ਰੱਖਦੇ ਹੋਏ ਕਿਹਾ ਕਿ ਉਸ ਕੋਲ ਨਗਰ ਨਿਗਮ ਲਈ ਕੋਈ ਦ੍ਰਿਸ਼ਟੀਕੋਣ ਨਹੀਂ ਹੈ। ਸਿਸੋਦੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਜਪਾ ਨੇ ਨਗਰ ਨਿਗਮ ‘ਚ ਆਪਣੇ ਪਿਛਲੇ 15 ਸਾਲਾਂ ਦੇ ਕਾਰਜਕਾਲ ‘ਚ ਕੁਝ ਨਹੀਂ ਕੀਤਾ ਅਤੇ ਉਸ ਕੋਲੋਂ ਅਗਲੇ 5 ਸਾਲ ਲਈ ਵੀ ਕੋਈ ਦ੍ਰਿਸ਼ਟੀਕੋਣ ਨਹੀਂ ਹੈ।
ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ,”ਹਾਲਾਂਕਿ ਸਾਡੇ ਕੋਲ ਨਗਰ ਨਿਗਮ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰਨ ਲਈ ਇਕ ਦ੍ਰਿਸ਼ਟੀਕੋਣ ਹੈ। ‘ਆਪ’ ਇਹ ਚੋਣਾਂ ਜਿੱਤਣ ਵਾਲੀ ਹੈ। ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਵਾਰਡ ‘ਚ ਕੰਮ ਹੋਵੇ ਤਾਂ ‘ਆਪ’ ਦਾ ਪ੍ਰਾਸ਼ਦ ਚੁਣੋ, ਕਿਉਂਕਿ ਜੇਕਰ ਭਾਜਪਾ ਦਾ ਪ੍ਰਾਸ਼ਦ ਹੋਵੇਗਾ ਤਾਂ ਉਹ ਐੱਮ.ਸੀ.ਡੀ. ‘ਚ ‘ਆਪ’ ਦਾ ਸ਼ਾਸਨ ਹੋਣ ਕਾਰਨ ਕੰਮ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰੇਗਾ।” ਉਨ੍ਹਾਂ ਕਿਹਾ,”4 ਦਸੰਬਰ ਨੂੰ ਹੋਣ ਵਾਲੀ ਚੋਣ ‘ਚ ਭਾਜਪਾ ਦੀ ਬਜਾਏ ‘ਆਪ’ ਨੂੰ ਚੁਣਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਡੀ ਨਵੀਂ ਮੁਹਿੰਮ ‘ਕੇਜਰੀਵਾਲ ਦੀ ਸਰਕਾਰ, ਕੇਜਰੀਵਾਲ ਦਾ ਪ੍ਰਾਸ਼ਦ’ ਸ਼ੁਰੂ ਕੀਤਾ ਗਿਆ ਹੈ।” ਸਿਸੋਦੀਆ ਨੇ ਦੋਸ਼ ਲਗਾਇਆ ਕਿ ਭਾਜਪਾ ਦੇ ਨੇਤਾਵਾਂ ਕੋਲ ਇਸ ਚੋਣ ਲਈ ਕੋਈ ਏਜੰਡਾ ਨਹੀਂ ਹੈ ਅਤੇ ਉਹ ਸਿਰਫ਼ ਦਿਨ-ਰਾਤ (ਦਿੱਲੀ ਦੇ ਮੁੱਖ ਮੰਤਰੀ) ਅਰਵਿੰਦ ਕੇਜਰੀਵਾਲ ਨੂੰ ਗਾਲ੍ਹਾਂ ਕੱਢ ਰਹੇ ਹਨ।