ਜਲੰਧਰ -ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਸ਼ਰਾਬ ਦੀਆਂ ਕੀਮਤਾਂ ’ਚ ਅਚਾਨਕ 20 ਫ਼ੀਸਦੀ ਤੱਕ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਖ਼ਪਤਕਾਰਾਂ ਦੀ ਜੇਬ ’ਤੇ ਮਾਰ ਪਵੇਗੀ। ਸਰਕਾਰ ਨੇ ਸ਼ਰਾਬ ਦੀਆਂ ਕੀਮਤਾਂ ਨੂੰ ਕੰਟਰੋਲ ਵਿਚ ਰੱਖਣ ਦੀ ਗੱਲ ਕੀਤੀ ਸੀ ਅਤੇ ਐਕਸਾਈਜ਼ ਮਹਿਕਮੇ ਦੇ ਅਧਿਕਾਰੀਆਂ ਨੇ ਸਮੱਗਲਿੰਗ ਨੂੰ ਰੋਕਣ ਦੇ ਵੱਡੇ-ਵੱਡੇ ਦਾਅਵੇ ਕੀਤੇ ਸਨ। ਸਰਕਾਰ ਅਤੇ ਆਬਕਾਰੀ ਮਹਿਕਮੇ ਦੇ ਦਾਅਵਿਆਂ ਨੂੰ ਟਿੱਚ ਜਾਣਦਿਆਂ ਹੁਣ ਸ਼ਰਾਬ ਸਮੱਗਲਰ ‘ਚਾਂਦੀ ਕੁੱਟਣਗੇ’ਅਤੇ ਸ਼ਰਾਬ ਦੀ ਕੀਮਤ ਵਧਣ ਨਾਲ ਸਮੱਗਲਿੰਗ ਵਿਚ ਪਹਿਲਾਂ ਨਾਲੋਂ ਵਾਧਾ ਵੇਖਣ ਨੂੰ ਮਿਲੇਗਾ।
ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਬਾਅਦ ਐਕਸਾਈਜ਼ ਪਾਲਿਸੀ ਬਣਾਉਣ ’ਚ 3 ਮਹੀਨੇ ਦਾ ਸਮਾਂ ਲਾ ਦਿੱਤਾ, ਜਿਸ ਕਾਰਨ ਇਸ ਵਾਰ ਦੀ ਐਕਸਾਈਜ਼ ਪਾਲਿਸੀ 9 ਮਹੀਨਿਆਂ ਲਈ ਵਜੂਦ ਵਿਚ ਆਈ। ਮਾਰਚ ਦੀ ਥਾਂ ਜੁਲਾਈ ਵਿਚ ਨਵੀਂ ਪਾਲਿਸੀ ਲਾਗੂ ਹੋਣ ਤੋਂ ਬਾਅਦ ਸ਼ਰਾਬ ਦੀਆਂ ਕੀਮਤਾਂ ਬਹੁਤ ਘੱਟ ਰੱਖੀਆਂ ਗਈਆਂ ਸਨ, ਜਿਸ ਨਾਲ ਸ਼ਰਾਬ ਦੀ ਸਮੱਗਲਿੰਗ ਵਿਚ ਕਮੀ ਆਈ ਸੀ ਅਤੇ ਲੋਕ ਠੇਕਿਆਂ ਤੋਂ ਸ਼ਰਾਬ ਖ਼ਰੀਦਣ ਨੂੰ ਮਹੱਤਵ ਦੇਣ ਲੱਗੇ ਸਨ। ਨਵੀਂ ਪਾਲਿਸੀ ਤੋਂ ਬਾਅਦ ਰੁਟੀਨ ਵਿਚ ਵਿਕਣ ਵਾਲੀ ਰਾਇਲ ਸਟੈਗ ਸ਼ਰਾਬ ਦੀ ਇਕ ਬੋਤਲ 500 ਰੁਪਏ ਵਿਚ ਮਿਲ ਰਹੀ ਸੀ, ਪਰ ਹੁਣ ਉਸੇ ਬੋਤਲ ਦੀ ਕੀਮਤ ਵਧਾ ਕੇ 600 ਰੁਪਏ ਕਰ ਦਿੱਤੀ ਗਈ ਹੈ, ਜਦਕਿ ਸ਼ੁਰੂਆਤ ਵਿਚ 700 ਰੁਪਏ ਵਿਚ ਵਿਕਣ ਵਾਲੀ ਬਲੈਂਡਰ ਪ੍ਰਾਈਡ ਦੀ ਬੋਤਲ ਦੀ ਕੀਮਤ 800 ਰੁਪਏ ਕਰ ਦਿੱਤੀ ਗਈ ਹੈ। ਅੰਦਾਜ਼ੇ ਮੁਤਾਬਕ ਸ਼ਰਾਬ ਦੀਆਂ ਕੀਮਤਾਂ ’ਚ 20 ਫ਼ੀਸਦੀ ਵਾਧਾ ਹੋਇਆ ਹੈ, ਜਦਕਿ ਕੁਝ ਮਹਿੰਗੀਆਂ ਸ਼ਰਾਬ ਦੀਆਂ ਕੀਮਤਾਂ ’ਚ ਲਗਭਗ 25 ਫ਼ੀਸਦੀ ਦਾ ਵਾਧਾ ਹੋਇਆ ਹੈ। ਪਹਿਲਾਂ 1100 ਰੁਪਏ ਵਿਚ ਮਿਲਣ ਵਾਲੀ 100 ਪਾਈਪਰ ਸ਼ਰਾਬ ਦੀ ਕੀਮਤ ਵਿਚ ਸਿੱਧੇ ਤੌਰ ’ਤੇ 300 ਰੁਪਏ ਦਾ ਵਾਧਾ ਕੀਤਾ ਗਿਆ ਸੀ ਅਤੇ ਹੁਣ 1400 ਰੁਪਏ ਵਾਲੀ ਨਵੀਂ ਰੇਟ ਲਿਸਟ ਲਾਗੂ ਕਰ ਦਿੱਤੀ ਗਈ ਹੈ।
ਜੁਲਾਈ ਵਿਚ ਨਵੀਂ ਪਾਲਿਸੀ ਲਿਆਉਣ ਤੋਂ ਬਾਅਦ ਸ਼ਰਾਬ ਦੇ ਗਰੁੱਪਾਂ ਨੂੰ ਵੇਚਣ ਲਈ ਐਕਸਾਈਜ਼ ਮਹਿਕਮੇ ਨੂੰ ਸਖ਼ਤ ਜੱਦੋ-ਜਹਿਦ ਕਰਨੀ ਪਈ ਸੀ। ਗਰੁੱਪਾਂ ਦੀ ਵਿਕਰੀ ਨਾ ਹੋਣ ਕਾਰਨ ਉਸ ਸਮੇਂ ਕਈ ਸ਼ਰਾਬ ਦੇ ਠੇਕਿਆਂ ਦੀਆਂ ਕੀਮਤਾਂ ਵਿਚ ਗਿਰਾਵਟ ਵੀ ਹੋਈ। ਇਸ ਤੋਂ ਬਾਅਦ ਮਹਿਕਮੇ ਦੇ ਸੀਨੀਅਰ ਅਤੇ ਸਥਾਨਕ ਅਧਿਕਾਰੀਆਂ ਨੇ ਦਾਅਵੇ ਕੀਤੇ ਸਨ ਕਿ ਉਹ ਸ਼ਰਾਬ ਦੀ ਸਮੱਗਲਿੰਗ ਨੂੰ ਠੱਲ੍ਹ ਪਾਉਣਗੇ। ਹੁਣ ਸ਼ਰਾਬ ਦੀਆਂ ਕੀਮਤਾਂ ਵਧਣ ਤੋਂ ਬਾਅਦ ਸ਼ਰਾਬ ਦੀ ਸਮੱਗਲਿੰਗ ਵਧੇਗੀ ਅਤੇ ਅਧਿਕਾਰੀਆਂ ਦੇ ਦਾਅਵੇ ਝੂਠੇ ਸਾਬਤ ਹੋਣਗੇ। ਇਸ ਨਾਲ ਸਮੱਗਲਰਾਂ ਨੂੰ ਵੱਡਾ ਲਾਭ ਹੋਵੇਗਾ ਅਤੇ ਉਹ ਖੂਬ ਚਾਂਦੀ ਕੁੱਟਣਗੇ। ਇਸ ਸਭ ਦਾ ਅਸਰ ਵਿਆਹ-ਸ਼ਾਦੀਆਂ ’ਤੇ ਪਵੇਗਾ ਕਿਉਂਕਿ ਠੇਕੇ ’ਤੇ ਸ਼ਰਾਬ ਦੀ ਕੀਮਤ ਵਧਣ ਨਾਲ ਲੋਕ ਮਹਿੰਗੀ ਸ਼ਰਾਬ ਖ਼ਰੀਦਣ ਲਈ ਮਜਬੂਰ ਹੋਣਗੇ ਕਿਉਂਕਿ ਸ਼ਰਾਬ ਦੇ ਠੇਕੇਦਾਰਾਂ ਨੇ ਆਪਸ ’ਚ ਪੂਲ ਕੀਤਾ ਹੋਇਆ ਹੈ। ਇਸ ਕਾਰਨ ਵਿਆਹ-ਸ਼ਾਦੀ ਲਈ ਮੈਰਿਜ ਪੈਲੇਸ ਅਤੇ ਸ਼ਰਾਬ ਦੀ ਖ਼ਪਤ ਹੋਣ ਵਾਲੇ ਸਥਾਨ ਨੇੜਿਓਂ ਸ਼ਰਾਬ ਖ਼ਰੀਦਣੀ ਖਪਤਕਾਰ ਦੀ ਮਜਬੂਰੀ ਬਣ ਜਾਂਦੀ ਹੈ। ਸ਼ਰਾਬ ਦੇ ਠੇਕੇ ਵਾਲੇ ਗਰੁੱਪ ਦੇ ਕਰਿੰਦੇ ਨਜ਼ਦੀਕੀ ਪੈਲੇਸ ’ਚ ਇਸ ਗੱਲ ’ਤੇ ਪੂਰੀ ਨਜ਼ਰ ਰੱਖਦੇ ਹਨ। ਇਸ ਕਾਰਨ ਖਪਤਕਾਰਾਂ ਨੂੰ ਨੇੜਲੇ ਠੇਕਿਆਂ ਤੋਂ ਸ਼ਰਾਬ ਖ਼ੀਰੀਦਣੀ ਪਵੇਗੀ।
ਸਿਰਫ਼ 1 ਹਜ਼ਾਰ ’ਚ ਲਓ ਵਿਆਹ-ਪਾਰਟੀ ਲਈ ਲਾਇਸੈਂਸ
ਨਵੀਂ ਐਕਸਾਈਜ਼ ਪਾਲਿਸੀ ਬਣਨ ਤੋਂ ਬਾਅਦ ਇਹ ਵਿਆਹ-ਸ਼ਾਦੀਆਂ ਦਾ ਪਹਿਲਾ ਸੀਜ਼ਨ ਹੋਵੇਗਾ, ਇਸ ਲਈ ਖ਼ਪਤਕਾਰਾਂ ਨੂੰ ਲਾਇਸੈਂਸ ਫ਼ੀਸ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਮੈਰਿਜ ਪੈਲੇਸਾਂ ਜਾਂ ਰਿਜ਼ਾਰਟਾਂ ਆਦਿ ਵਿਚ ਵਿਆਹ ਕਰਵਾਉਣ ਵਾਲਿਆਂ ਨੂੰ ਸ਼ਰਾਬ ਪਰੋਸਣ ਲਈ ਲਾਇਸੈਂਸ ਲੈਣਾ ਪੈਂਦਾ ਹੈ, ਜੋ ਸਿਰਫ਼ 1 ਹਜ਼ਾਰ ਦੀ ਫ਼ੀਸ ਭਰ ਕੇ ਆਨਲਾਈਨ ਲਿਆ ਜਾ ਸਕਦਾ ਹੈ। ਪਿਛਲੀ ਐਕਸਾਈਜ਼ ਪਾਲਿਸੀ ’ਚ ਹੋਟਲ ਦੀ ਕੈਟਾਗਰੀ ਦੇ ਹਿਸਾਬ ਨਾਲ ਇਸ ਦੀ ਫ਼ੀਸ 10,000, 7500 ਅਤੇ 5000 ਰੁਪਏ ਤੱਕ ਹੁੰਦੀ ਸੀ, ਨਵੀਂ ਪਾਲਿਸੀ ਮੁਤਾਬਕ ਹੁਣ ਵਿਆਹ ਜਾਂ ਪਾਰਟੀ ਲਈ ਲਾਇਸੈਂਸ ਸਿੱਧੇ ਤੌਰ ’ਤੇ ਸਿਰਫ਼ 1 ਹਜ਼ਾਰ ਫ਼ੀਸ ’ਚ ਮੁਹੱਈਆ ਕਰਵਾਇਆ ਜਾ ਰਿਹਾ ਹੈ।