ਜਕਾਰਤਾ – ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿੱਚ ਸੋਮਵਾਰ ਨੂੰ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 46 ਹੋ ਗਈ ਹੈ ਅਤੇ 700 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਭੂਚਾਲ ਕਾਰਨ ਦਰਜਨਾਂ ਇਮਾਰਤਾਂ ਨੁਕਸਾਨੀਆਂ ਗਈਆਂ ਅਤੇ ਲੋਕਾਂ ਨੂੰ ਆਪਣੀ ਜਾਨ ਬਚਾਉਣ ਲਈ ਗਲੀਆਂ-ਗਲੀਆਂ ਵਿੱਚ ਭੱਜਣਾ ਪਿਆ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਕਿਹਾ ਕਿ 5.4 ਦੀ ਤੀਬਰਤਾ ਵਾਲੇ ਭੂਚਾਲ ਦਾ ਕੇਂਦਰ ਪੱਛਮੀ ਜਾਵਾ ਸੂਬੇ ਦੇ ਸਿਆਨਜੂਰ ਖੇਤਰ ‘ਚ 10 ਕਿਲੋਮੀਟਰ (6.2 ਮੀਲ) ਦੀ ਡੂੰਘਾਈ ‘ਤੇ ਕੇਂਦਰਿਤ ਸੀ।
ਨੈਸ਼ਨਲ ਡਿਜ਼ਾਸਟਰ ਮਿਟੀਗੇਸ਼ਨ ਏਜੰਸੀ ਦੇ ਮੁਖੀ ਸੁਹਰਯੰਤੋ ਨੇ ਦੱਸਿਆ ਕਿ ਇਸ ਨਾਲ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਅਤੇ 700 ਹੋਰ ਜ਼ਖ਼ਮੀ ਹੋ ਗਏ ਹਨ। ਏਜੰਸੀ ਨੇ ਕਿਹਾ ਕਿ ਇਸਲਾਮਿਕ ਬੋਰਡਿੰਗ ਸਕੂਲ, ਹਸਪਤਾਲ ਅਤੇ ਹੋਰ ਜਨਤਕ ਸਹੂਲਤਾਂ ਸਮੇਤ ਦਰਜਨਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਇਕ ਬਿਆਨ ਵਿਚ ਕਿਹਾ ਕਿ ਜ਼ਖ਼ਮੀਆਂ ਦੀ ਸੰਖਿਆ ਅਤੇ ਨੁਕਸਾਨ ਦੇ ਬਾਰੇ ਵਿਚ ਜਾਣਕਾਰੀ ਅਜੇ ਵੀ ਇਕੱਠੀ ਕੀਤੀ ਜਾ ਰਹੀ ਹੈ।