ਚੰਡੀਗੜ੍ਹ: ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ‘ਚ ਸਾਲ 2015 ਦੌਰਾਨ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਕੋਟਕਪੂਰਾ ਚੌਂਕ ’ਤੇ ਧਰਨਾ-ਪ੍ਰਦਰਸ਼ਨ ਕਰ ਰਹੇ ਸਿੱਖ ਸੰਗਠਨਾਂ ’ਤੇ ਫਾਇਰਿੰਗ ਦੇ ਮਾਮਲੇ ‘ਚ ਤਤਕਾਲੀ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਤੋਂ ਪੁੱਛਗਿੱਛ ਹੋਵੇਗੀ। ਪੁੱਛਗਿੱਛ ਲਈ ਮਾਮਲੇ ਦੀ ਜਾਂਚ ਕਰ ਰਹੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਵਲੋਂ ਸੁਮੇਧ ਸੈਣੀ ਨੂੰ ਸੰਮਨ ਭੇਜਿਆ ਗਿਆ ਹੈ।
ਸੈਣੀ ਨੂੰ ਕਿਹਾ ਗਿਆ ਹੈ ਕਿ ਉਹ ਸਵਾਲਾਂ ਦੇ ਜਵਾਬ ਦੇਣ ਲਈ 29 ਨਵੰਬਰ ਨੂੰ ਪੇਸ਼ ਹੋਣ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਏ. ਡੀ. ਜੀ. ਪੀ. ਲਕਸ਼ਮੀਕਾਂਤ ਯਾਦਵ ਦੀ ਅਗਵਾਈ ‘ਚ ਐੱਫ. ਆਈ. ਆਰ. ਨੰਬਰ 192, ਜੋ ਕਿ 14 ਅਕਤੂਬਰ, 2015 ਨੂੰ ਪੁਲਸ ਥਾਣਾ ਕੋਟਕਪੂਰਾ ‘ਚ ਦਰਜ ਹੋਈ ਸੀ ਅਤੇ 7 ਅਗਸਤ, 2018 ਨੂੰ ਦਰਜ ਐੱਫ. ਆਈ. ਆਰ. ਨੰਬਰ 128 ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਜਾਂਚ ‘ਚ ਕਈ ਪੁਲਸ ਤੇ ਪ੍ਰਸ਼ਾਸਕੀ ਅਧਿਕਾਰੀਆਂ ਦੇ ਨਾਲ-ਨਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ ਵੀ ਜਾਂਚ ‘ਚ ਸ਼ਾਮਲ ਕੀਤਾ ਜਾ ਚੁੱਕਿਆ ਹੈ। ਕੋਟਕਪੂਰਾ ‘ਚ ਘਟੀ ਗੋਲੀਬਾਰੀ ਤੇ ਲਾਠੀਚਾਰਜ ਦੀਆਂ ਘਟਨਾਵਾਂ ਦੇ ਸਮੇਂ ਪੰਜਾਬ ਦੇ ਡੀ. ਜੀ. ਪੀ. ਦੇ ਤੌਰ ’ਤੇ ਸੁਮੇਧ ਸਿੰਘ ਸੈਣੀ ਹੀ ਤਾਇਨਾਤ ਸਨ ਅਤੇ ਉਨ੍ਹਾਂ ’ਤੇ ਦੋਸ਼ ਲੱਗੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ‘ਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕਰਦਿਆਂ ਧਰਨਾ-ਪ੍ਰਦਰਸ਼ਨ ਕਰ ਰਹੀ ਸੰਗਤ ਨੂੰ ਤਿੱਤਰ-ਬਿੱਤਰ ਕਰਨ ਲਈ ਹੀ ਸਖ਼ਤੀ ਵਰਤਣ ਦੇ ਹੁਕਮ ਦਿੱਤੇ ਗਏ ਸਨ।