ਨਵੀਂ ਦਿੱਲੀ – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਭਾਜਪਾ ਆਪਣੇ ‘ਰਾਜੇ-ਮਹਾਰਾਜਾਵਾਂ’ ਨਾਲ ਰਾਸ਼ਟਰੀ ਰਾਜਧਾਨੀ ‘ਤੇ ਹਮਲਾ ਕਰੇਗੀ ਅਤੇ ਜਨਤਾ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਵੇਗੀ। ਕੇਜਰੀਵਾਲ ਨੇ ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ਚੋਣਾਂ ਤੋਂ ਪਹਿਲਾਂ ਭਾਜਪਾ ਦੇ ਸੀਨੀਅਰ ਨੇਤਾਵਾਂ ਦੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ‘ਚ ਵੱਖ-ਵੱਖ ਰੋਡ ਸ਼ੋਅ ‘ਚ ਹਿੱਸਾ ਲੈਣ ਦੇ ਮੱਦੇਨਜ਼ਰ ਇਹ ਟਿੱਪਣੀ ਕੀਤੀ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ, ਪਾਰਟੀ ਸ਼ਾਸਿਤ ਸੂਬਿਆ ਦੇ ਮੁੱਖ ਮੰਤਰੀ ਅਤੇ ਕਈ ਕੇਂਦਰੀ ਮੰਤਰੀ ਐੱਮ.ਸੀ.ਡੀ. ਚੋਣਾਂ ਤੋਂ ਪਹਿਲਾਂ ਦਿੱਲੀ ‘ਚ ਐਤਵਾਰ ਨੂੰ ਆਯੋਜਿਤ ਹੋਣ ਵਾਲੇ 14 ਰੋਡ ਸ਼ੋਅ ‘ਚ ਸ਼ਾਮਲ ਹੋਣਗੇ। ਇਨ੍ਹਾਂ ਦੇ ਕਈ ਰਾਜਾ-ਮਹਾਰਾਜਾ ਆਪਣੀਆਂ-ਆਪਣੀਆਂ ਸੈਨਾਵਾਂ ਲੈ ਕੇ ਚਾਰੇ ਪਾਸਿਓਂ ਦਿੱਲੀ ‘ਤੇ ਹਮਲਾ ਕਰ ਰਹੇ ਹਨ ਪਰ ਜਿਵੇਂ ਹੁਣ ਤੱਕ ਦਿੱਲੀ ਦੇ ਲੋਕਾਂ ਨੇ ਭਾਜਪਾ ਅਤੇ ਉਸ ਦੇ ਉਪ ਰਾਜਪਾਲ ਦੇ ਹਮਲਿਆਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਹੈ, ਉਂਝ ਹੀ ਅੱਜ ਵੀ ਦਿੱਲੀ ਦੀ ਜਨਤਾ ਇਨ੍ਹਾਂ ਨੂੰ ਮੂੰਹ ਤੋੜ ਜਵਾਬ ਦੇਵੇਗੀ।”
ਭਾਜਪਾ ਵਲੋਂ ਇਕ ਬਿਆਨ ‘ਚ ਦੱਸਿਆ ਗਿਆ ਹੈ ਕਿ ਰੋਡ ਸ਼ੋਅ ‘ਚ ਸ਼ਾਮਲ ਹੋਣ ਵਾਲੇ ਨੇਤਾਵਾਂ ‘ਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ, ਆਸਾਮ ਦੇ ਉਨ੍ਹਾਂ ਦੇ ਹਮਰੁਤਬਾ ਹਿੰਮਤ ਵਿਸ਼ਵ ਸ਼ਰਮਾ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਸ਼ਾਮਲ ਹਨ। ਭਾਜਪਾ ਦੀ ਦਿੱਲੀ ਇਕਾਈ ਦੇ ਜਨਰਲ ਸਕੱਤਰ ਕੁਲਜੀਤ ਸਿੰਘ ਚਹਿਲ ਨੇ 20 ਨਵੰਬਰ ਦੇ ਦਿਨ ਨੂੰ ‘ਮਹਾ ਸੰਡੇ’ ਕਰਾਰ ਦਿੰਦੇ ਹੋਏ ਕਿਹਾ ਕਿ ਨੱਢਾ ਰਾਸ਼ਟਰੀ ਰਾਜਧਾਨੀ ਦੇ ਸੰਗਮ ਵਿਹਾਰ ਇਲਾਕੇ ‘ਚ ਚੋਣ ਪ੍ਰਚਾਰ ਕਰਨਗੇ। ਉਨ੍ਹਾਂ ਦੱਸਿਆ ਕਿ ਰਾਜਨਾਥ ਸਿੰਘ, ਗਜੇਂਦਰ ਸਿੰਘ ਸ਼ੇਖਾਵਤ, ਹਰਦੀਪ ਸਿੰਘ ਪੁਰੀ, ਜਿਤੇਂਦਰ ਸਿੰਘ ਅਤੇ ਮੀਨਾਕਸ਼ੀ ਲੇਖੀ ਸਮੇਤ ਕਈ ਹੋਰ ਕੇਂਦਰੀ ਮੰਤਰੀ ਵੀ ਵੱਖ-ਵੱਖ ਖੇਤਰਾਂ ‘ਚ ਹੋਣ ਵਾਲੇ ਰੋਡ ਸ਼ੋਅ ‘ਚ ਹਿੱਸਾ ਲੈਣਗੇ। ਐੱਮ.ਸੀ.ਡੀ. ਦੇ 250 ਵਾਰਡ ‘ਚ ਚੋਣ ਲਈ ਵੋਟਿੰਗ 4 ਦਸੰਬਰ ਨੂੰ ਹੋਵੇਗੀ, ਜਦੋਂ ਕਿ ਵੋਟਾਂ ਦੀ ਗਿਣਤੀ 7 ਦਸੰਬਰ ਨੂੰ ਕੀਤੀ ਜਾਵੇਗੀ।