ਨਵੀਂ ਦਿੱਲੀ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਤਵਾਦ ਨੂੰ ਸਭ ਤੋਂ ਵੱਡਾ ਖ਼ਤਰਾ ਦੱਸਿਆ ਹੈ। ਸ਼ਨੀਵਾਰ ਇੱਥੇ ਤੀਜੇ ਮੰਤਰੀ ਪੱਧਰੀ ਸੰਮੇਲਨ ‘ਨੋ ਮਨੀ ਫਾਰ ਟੈਰਰ’ ਦੇ ਸਮਾਪਤੀ ਸੈਸ਼ਨ ’ਚ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਤਵਾਦ ਲੋਕਤੰਤਰ, ਮਨੁੱਖੀ ਅਧਿਕਾਰਾਂ, ਆਰਥਿਕ ਤਰੱਕੀ ਅਤੇ ਵਿਸ਼ਵ ਸ਼ਾਂਤੀ ਲਈ ਗੰਭੀਰ ਖਤਰਾ ਹੈ। ਅੱਤਵਾਦ ਦਾ ਮੁਕਾਬਲਾ ਕਰਨ ਲਈ ਪੂਰੀ ਦੁਨੀਆ ਨੂੰ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਾ ਹੋਵੇਗਾ। ਕੋਈ ਵੀ ਦੇਸ਼ ਇਕੱਲਾ ਅੱਤਵਾਦ ਨੂੰ ਹਰਾ ਨਹੀਂ ਸਕਦਾ।
ਪਾਕਿਸਤਾਨ ਦਾ ਨਾਂ ਲਏ ਬਿਨਾਂ ਉਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਸ਼ਾਹ ਨੇ ਕਿਹਾ ਕਿ ਕੁਝ ਦੇਸ਼ਾਂ ਅਤੇ ਉਨ੍ਹਾਂ ਦੀਆਂ ਏਜੰਸੀਆਂ ਨੇ ਅੱਤਵਾਦ ਨੂੰ ਆਪਣੀ ਰਾਸ਼ਟਰੀ ਨੀਤੀ ਬਣਾ ਲਿਆ ਹੈ। ਉਨ੍ਹਾਂ ਵਾਰ-ਵਾਰ ਅੱਤਵਾਦੀਆਂ ਅਤੇ ਅੱਤਵਾਦ ਨੂੰ ਪਨਾਹ ਦੇਣ ਵਾਲਿਆਂ ਦਾ ਸਮਰਥਨ ਕੀਤਾ ਹੈ। ਅੱਤਵਾਦ ਦੀ ਕੋਈ ਅੰਤਰਰਾਸ਼ਟਰੀ ਹੱਦ ਨਹੀਂ ਹੁੰਦੀ, ਇਸ ਲਈ ਸਾਰੇ ਦੇਸ਼ਾਂ ਨੂੰ ਸਿਆਸਤ ਤੋਂ ਪਰੇ ਸੋਚਣਾ ਚਾਹੀਦਾ ਹੈ ਅਤੇ ਇਕ ਦੂਜੇ ਨਾਲ ਸਹਿਯੋਗ ਕਰਨਾ ਚਾਹੀਦਾ ਹੈ।