PM ਮੋਦੀ ਦਾ 3 ਦਿਨਾਂ ਗੁਜਰਾਤ ਦੌਰਾ ਅੱਜ ਤੋਂ, 8 ਰੈਲੀਆਂ ਨੂੰ ਕਰਨਗੇ ਸੰਬੋਧਨ

ਅਹਿਮਦਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਯਾਨੀ ਕਿ 19 ਨਵੰਬਰ ਤੋਂ 3 ਦਿਨਾਂ ਯਾਤਰਾ ਲਈ ਗੁਜਰਾਤ ਆਉਣਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਗੁਜਰਾਤ ਦੌਰੇ ’ਚ ਅਗਲੇ ਮਹੀਨੇ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਭਾਜਪਾ ਪਾਰਟੀ ਦੇ ਪ੍ਰਚਾਰ ਮੁਹਿੰਮ ਤਹਿਤ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਰੈਲੀਆਂ ਨੂੰ ਸੰਬੋਧਨ ਕਰਨਗੇ। ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ 3 ਦਿਨਾਂ ’ਚ 8 ਰੈਲੀਆਂ ਨੂੰ ਸੰਬੋਧਿਤ ਕਰਨਗੇ।
ਪਾਰਟੀ ਸੂਤਰਾਂ ਮੁਤਾਬਕ ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਸੂਬੇ ’ਚ ਪਹੁੰਚਣਗੇ ਅਤੇ ਸ਼ਾਮ ਨੂੰ ਵਲਸਾਡ ਜ਼ਿਲ੍ਹੇ ’ਚ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਇਹ ਰੈਲੀ ਵਲਸਾਡ ਦੇ ਜੁਜਵਾ ਪਿੰਡ ’ਚ ਸ਼ਾਮ ਕਰੀਬ ਸਾਢੇ 6 ਵਜੇ ਆਯੋਜਿਤ ਕੀਤੀ ਜਾਵੇਗੀ। ਅਗਲੇ ਦਿਨ ਪ੍ਰਧਾਨ ਮੰਤਰੀ ਸੌਰਾਸ਼ਟਰ ਖੇਤਰ ਦੇ ਵੇਰਾਵਲ, ਧੋਰਾਰਜੀ, ਅਮਰੇਲੀ ਅਤੇ ਬੋਟਾਡ ’ਚ 4 ਰੈਲੀਆਂ ਨੂੰ ਸੰਬੋਧਿਤ ਕਰਨ ਤੋਂ ਪਹਿਲਾਂ ਪ੍ਰਸਿੱਧ ਸੋਮਨਾਥ ਮੰਦਰ ਜਾਣਗੇ। 21 ਨਵੰਬਰ ਨੂੰ ਪ੍ਰਧਾਨ ਮੰਤਰੀ ਸੁਰੇਂਦਰਨਗਰ, ਭਰੂਚ ਅਤੇ ਨਵਸਾਰੀ ’ਚ 3 ਰੈਲੀਆਂ ਕਰਨਗੇ।
ਦੱਸਣਯੋਗ ਹੈ ਕਿ ਗੁਜਰਾਤ ਦੀਆਂ 182 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ਲਈ 1 ਦਸੰਬਰ ਅਤੇ 5 ਦਸੰਬਰ ਦੋ ਗੇੜ ਵਿਚ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 8 ਦਸੰਬਰ ਨੂੰ ਕੀਤੀ ਜਾਵੇਗੀ। ਵੋਟਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਸਰਗਰਮ ਹੋ ਗਈਆਂ ਹਨ। ਪਾਰਟੀਆਂ ਜਨਤਾ ਨੂੰ ਲੁਭਾਉਣ ਲਈ ਚੋਣ ਪ੍ਰਚਾਰ ਦੌਰਾਨ ਪੂਰਾ ਜ਼ੋਰ-ਅਜ਼ਮਾਇਮ ਕਰਨਗੀਆਂ।