ਸ਼ਰਧਾ ਕਤਲਕਾਂਡ : ਚੈਟ ਤੇ ਫੋਟੋ ਨੇ ਬਿਆਨ ਕੀਤੀ ਆਫਤਾਬ ਦੀ ਦਰਿੰਦਗੀ, ਮਿਲੇ ਸਬੂਤ ਤੇ ਗਵਾਹ

ਨਵੀਂ ਦਿੱਲੀ : ਸ਼ਰਧਾ ਦੀ ਹੱਤਿਆ ਤੋਂ ਪਹਿਲਾਂ ਆਫਤਾਬ ਉਸ ਦੇ ਨਾਲ ਦਰਿੰਦਗੀ ਕਰ ਚੁੱਕਾ ਸੀ। ਇਹੀ ਨਹੀਂ, ਹਰ ਵਾਰ ਦਰਿੰਦਗੀ ਕਰਨ ਪਿੱਛੋਂ ਉਹ ਮੁਆਫੀ ਮੰਗ ਕੇ ਉਸ ਨੂੰ ਮਨਾ ਲੈਂਦਾ ਸੀ। ਉਸ ਦੀ ਦਰਿੰਦਗੀ ਦੇ ਹੋਰ ਵੀ ਕਈ ਖੁਲਾਸੇ ਪੁਲਸ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਕੀਤੀ ਗਈ ਇਕ ਚੈਟ ਤੇ ਫੋਟੋ ਬੇਹੱਦ ਅਹਿਮ ਹੈ, ਜੋ ਉਸ ਦੇ ਦੋਸਤਾਂ ਨੇ ਪੁਲਸ ਨੂੰ ਦਿੱਤੀ ਹੈ। 24 ਨਵੰਬਰ 2020 ਦੀ ਇਸ ਚੈਟ ’ਚ ਸ਼ਰਧਾ ਨੇ ਆਪਣੇ ਦੋਸਤ ਰਾਹੁਲ ਰਾਏ ਨਾਲ ਗੱਲ ਕੀਤੀ ਹੈ। ਚੈਟ ਵਿਚ ਸ਼ਰਧਾ ਨੇ ਲਿਖਿਆ ਸੀ ਕਿ ਆਫਤਾਬ ਜਲਦੀ ਹੀ ਉਸ ਦੇ ਘਰੋਂ ਚਲਾ ਜਾਵੇਗਾ।
ਉਸ ਨੇ ਲਿਖਿਆ ਕਿ ਆਫਤਾਬ ਨੇ ਉਸ ਨੂੰ ਇੰਨੀ ਬੇਰਹਿਮੀ ਨਾਲ ਕੁੱਟਿਆ ਹੈ ਕਿ ਉਹ ਬੈੱਡ ਤੋਂ ਉੱਠ ਤਕ ਨਹੀਂ ਸਕਦੀ। ਫਿਰ ਰਾਹੁਲ ਨੇ ਐੱਫ. ਆਈ. ਆਰ. ਦਰਜ ਕਰਾਉਣ ’ਚ ਸ਼ਰਧਾ ਦੀ ਮਦਦ ਕੀਤੀ ਸੀ। ਪੁਲਸ ਨੇ ਪੁੱਛਗਿੱਛ ਲਈ ਆਫਤਾਬ ਨੂੰ ਹਿਰਾਸਤ ’ਚ ਲੈਣ ਦਾ ਸੁਝਾਅ ਦਿੱਤਾ ਸੀ ਪਰ ਸ਼ਰਧਾ ਨੇ ਕਿਹਾ ਸੀ ਕਿ ਰਿਲੇਸ਼ਨਸ਼ਿਪ ’ਚ ਅਜਿਹੀਆਂ ਚੀਜ਼ਾਂ ਆਮ ਹੁੰਦੀਆਂ ਹਨ। ਆਫਤਾਬ ਤੇ ਸ਼ਰਧਾ ਦਾ ਇਕ ਕੌਫੀ ਹਾਊਸ ’ਚ ਝਗੜਾ ਹੋਇਆ ਸੀ, ਜਿਸ ਪਿੱਛੋਂ 3 ਦਿਨ ਤਕ ਉਹ ਆਫਤਾਬ ਤੋਂ ਵੱਖ ਰਹੀ ਸੀ। ਉਸ ਤੋਂ ਬਾਅਦ ਆਫਤਾਬ ਉਸ ਤੋਂ ਪਿੱਛਾ ਛੁਡਾਉਣ ਦਾ ਪਲਾਨ ਬਣਾ ਰਿਹਾ ਸੀ।