ਇਮਰਾਨ ਦੀ ਜਾਨ ਨੂੰ ਖ਼ਤਰਾ,ਇੱਕ ਹੋਰ ਹਮਲਾ ਹੋਣ ਦੀ ਸੰਭਾਵਨਾ : ਇਸਲਾਮਾਬਾਦ ਹਾਈ ਕੋਰਟ

ਇਸਲਾਮਾਬਾਦ – ਇਸਲਾਮਾਬਾਦ ਹਾਈ ਕੋਰਟ ਦੇ ਚੀਫ਼ ਜਸਟਿਸ ਆਮਿਰ ਫਾਰੂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖੁਫੀਆ ਰਿਪੋਰਟਾਂ ਮੁਤਾਬਕ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ‘ਤੇ ਇਕ ਹੋਰ ਹਮਲਾ ਹੋਣ ਦੀ ਸੰਭਾਵਨਾ ਹੈ। ਜਸਟਿਸ ਫਾਰੂਕ ਨੇ ਪਾਰਟੀ ਦੇ ਵਿਰੋਧ ਕਾਰਨ ਸੜਕ ਨੂੰ ਬੰਦ ਕਰਨ ਸਬੰਧੀ ਵਪਾਰੀਆਂ ਵੱਲੋਂ ਪਾਈ ਪਟੀਸ਼ਨ ਦੀ ਸੁਣਵਾਈ ਦੌਰਾਨ ਉਪਰੋਕਤ ਟਿੱਪਣੀਆਂ ਕੀਤੀ। ਇਸ ਤੋਂ ਪਹਿਲਾਂ,ਉਨ੍ਹਾਂ ਨੇ ਪਟੀਸ਼ਨ ‘ਤੇ ਇਸਲਾਮਾਬਾਦ ਪੁਲਸ ਦੇ ਇੰਸਪੈਕਟਰ ਜਨਰਲ ਤੋਂ ਰਿਪੋਰਟ ਮੰਗੀ ਸੀ ਅਤੇ ਗ੍ਰਹਿ ਮੰਤਰਾਲੇ ਨੂੰ ਇਸਲਾਮਾਬਾਦ ਵਿੱਚ ਡਰ-ਮੁਕਤ ਵਿਰੋਧ ਪ੍ਰਦਰਸ਼ਨ ਨੂੰ ਯਕੀਨੀ ਬਣਾਉਣ ਲਈ ਰਣਨੀਤੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ।
ਅੱਜ ਦੀ ਸੁਣਵਾਈ ਦੌਰਾਨ ਜਸਟਿਸ ਫਾਰੂਕ ਨੇ ਅਦਾਲਤ ਵਿੱਚ ਪੇਸ਼ ਕੀਤੀ ਖੁਫ਼ੀਆ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਖਾਨ ਦੀ ਜਾਨ ਨੂੰ ਖਤਰਾ ਹੈ ਅਤੇ ਉਨ੍ਹਾਂ ’ਤੇ ਇੱਕ ਹੋਰ ਹਮਲਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਦੇਖਣਾ ਸਰਕਾਰ ਅਤੇ ਸੂਬੇ ਦੀ ਜ਼ਿੰਮੇਵਾਰੀ ਹੈ। ਜ਼ਿਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਚੇਅਰਮੈਨ ਨੂੰ 3 ਨਵੰਬਰ ਨੂੰ ਪੰਜਾਬ ਦੇ ਵਜ਼ੀਰਾਬਾਦ ‘ਚ ਪਾਰਟੀ ਦੇ ਲਾਂਗ ਮਾਰਚ ਦੀ ਅਗਵਾਈ ਕਰਦੇ ਸਮੇਂ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਘਟਨਾ ‘ਚ ਪੀਟੀਆਈ ਸਮਰਥਕ ਮੋਅਜ਼ਮ ਨਵਾਜ਼ ਦੀ ਮੌਤ ਹੋ ਗਈ, ਜਦਕਿ ਸਾਬਕਾ ਪ੍ਰਧਾਨ ਮੰਤਰੀ ਸਮੇਤ 14 ਲੋਕ ਜ਼ਖਮੀ ਹੋ ਗਏ ਸਨ।