ISRO ਨੇ ਰਚਿਆ ਇਤਿਹਾਸ, ਭਾਰਤ ਦਾ ਪਹਿਲਾ ਪ੍ਰਾਈਵੇਟ ਰਾਕੇਟ Vikram-S ਕੀਤਾ ਲਾਂਚ

ਨੈਸ਼ਨਲ ਡੈਸਕ– ਭਾਰਤ ਦੇ ਪੁਲਾੜ ਨੇ ਅੱਜ ਉਸ ਸਮੇਂ ਨਵੀਆਂ ਉਚਾਈਆਂ ਨੂੰ ਛੂਹਿਆ ਜਦੋਂ ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਸ਼੍ਰੀਹਰਿਕੋਟਾ ’ਚ ਆਪਣੇ ਕੇਂਦਰ ਤੋਂ ਦੇਸ਼ ਦੇ ਪਹਿਲੇ ਅਜਿਹੇ ਰਾਕੇਟ ਨੂੰ ਲਾਂਚ ਕੀਤਾ ਜਿਸਨੂੰ ਨਿੱਜੀ ਤੌਰ ’ਤੇ ਵਿਕਸਿਤ ਕੀਤਾ ਗਿਆ ਹੈ। ਭਾਰਤ ਦੇ ਪਹਿਲੇ ਪ੍ਰਾਈਵੇਟ ਰਾਕੇਟ ਵਿਕਰਮ-ਐੱਸ ਨੂੰ ਸ਼੍ਰੀਹਰਿਕੋਟਾ ਤੋਂ ਲਾਂਚ ਕੀਤਾ ਗਿਆ ਹੈ। ਭਾਰਤ ਦੇ ਪੁਲਾੜ ਪ੍ਰੋਗਰਾਮ ਦੇ ਜਨਕ ਵਿਕਰਮ ਸਾਰਾਭਾਈ ਨੂੰ ਸ਼ਰਧਾਂਜਲੀ ਦਿੰਦੇ ਹੋਏ ਇਸ ਰਾਕੇਟ ਦਾ ਨਾਂ ‘ਵਿਕਰਮ-ਐੱਸ’ ਰੱਖਿਆ ਗਿਆ ਹੈ।
ਇਸਰੋ ਨੇ ਵਿਕਰਮ-ਐੱਸ ਨੂੰ ਚੇਨਈ ਤੋਂ ਲਗਭਗ 115 ਕਿਲੋਮੀਟਰ ਦੂਰ ਆਪਣੇ ਸਪੇਸਪੋਰਟ ਤੋਂ ਲਾਂਚ ਕੀਤਾ। ਇਕ ਨਵੀਂ ਸ਼ੁਰੂਆਤ ਦੇ ਰੂਪ ’ਚ ਇਸ ਮਿਸ਼ਨ ਨੂੰ ‘ਪ੍ਰਾਰੰਭ’ ਨਾਂ ਦਿੱਤਾ ਗਿਆ ਹੈ। ਇਹ ਦੇਸ਼ ਦੇ ਪੁਲਾੜ ਉਦਯੋਗ ’ਚ ਨਿੱਜੀ ਖੇਤਰ ਦੇ ਪ੍ਰਵੇਸ਼ ਨੂੰ ਦਰਸ਼ਾਏਗਾ ਜਿਸ ’ਤੇ ਦਹਾਕਿਆਂ ਤੋਂ ਸਰਕਾਰੀ ਮਲਕੀਅਤ ਵਾਲੇ ਇਸਰੋ ਦੀ ਪ੍ਰਭੂਸੱਤਾ ਰਹੀ ਹੈ।
ਸਕਾਈਰੂਟ ਏਅਰੋਸਪੇਸ ਭਾਰਤ ਦੀ ਪਹਿਲੀ ਅਜਿਹੀ ਨਿੱਜੀ ਖੇਤਰ ਦੀ ਕੰਪਨੀ ਬਣ ਗਈ ਹੈ ਜੋ 2020 ’ਚ ਕੇਂਦਰ ਸਰਕਾਰ ਦੁਆਰਾ ਪੁਲਾੜ ਉਦਯੋਗ ਨੂੰ ਨਿੱਜੀ ਖੇਤਰ ਲਈ ਖੋਲ੍ਹੇ ਜਾਣ ਤੋਂ ਬਾਅਦ ਭਾਰਤੀ ਪੁਲਾੜ ਪ੍ਰੋਗਰਾਮ ਦੇ ਕਦਮ ’ਚ ਕਦਮ ਰੱਖ ਰਹੀ ਹੈ। ਵਿਕਰਮ-ਐੱਸ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਲਾਂਚ ਕੀਤੇ ਜਾਣ ਤੋਂ ਬਾਅਦ 81 ਕਿਲੋਮੀਟਰ ਦੀ ਉਚਾਈ ’ਤੇ ਪਹੁੰਚੇਗਾ। ਇਸ ਮਿਸ਼ਨ ’ਚ ਦੋ ਘਰੇਲੂ ਅਤੇ ਇਕ ਵਿਦੇਸ਼ੀ ਗਾਹਕ ਦੇ ਤਿੰਨ ਪੇਲੋਡ ਨੂੰ ਲਿਜਾਇਆ ਜਾਵੇਗਾ।