ਅੰਮ੍ਰਿਤਸਰ : ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਵੱਲੋਂ ਲਗਾਤਾਰ ਦਿੱਤੇ ਜਾ ਰਹੇ ਧਰਨਿਆਂ ਨੂੰ ਲੈ ਕੇ ਦਿੱਤੇ ਗਏ ਬਿਆਨ ਮਗਰੋਂ ਕਿਸਾਨ ਹੋਰ ਭੜਕ ਗਏ ਹਨ। ਕਿਸਾਨਾਂ ਵੱਲੋਂ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ਨੂੰ ਪੂਰੀ ਤਰ੍ਹਾ ਬੰਦ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਬੀਤੇ 2 ਦਿਨਾਂ ਤੋਂ ਅੰਮ੍ਰਿਤਸਰ-ਪਠਾਨਕੋਟ ਮੁੱਖ ਮਾਰਗ ‘ਤੇ ਕੱਥੂਨੰਗਲ ਦੇ ਨਜ਼ਦੀਕ ਟੋਲ ਪਲਾਜ਼ਾ ’ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਕਿਸਾਨਾਂ ਦੇ ਧਰਨੇ ‘ਤੇ ਮੁੱਖ ਮੰਤਰੀ ਮਾਨ ਨੇ ਅੱਜ ਗੱਲ ਕਰਦਿਆਂ ਕਿਹਾ ਕਿ ਪਿਛਲੇ 7 ਮਹੀਨਿਆਂ ਦੌਰਾਨ ਉਨ੍ਹਾਂ ਦੀ ਸਰਕਾਰ ਨੇ ਖੇਤੀ ਸੰਬੰਧੀ ਵੱਡੇ ਫ਼ੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਮਹੀਨਿਆਂ ਦੌਰਾਨ ਦੇਖਣ ਨੂੰ ਮਿਲਿਆ ਹੈ ਕਿ ਜਿੱਥੇ ਮਰਜ਼ੀ ਹਾਵੀਏ ’ਤੇ ਬੈਠ ਕੇ ਧਰਨਾ ਲਗਾ ਦਿੱਤੀ ਜਾਂਦਾ ਹੈ, ਜਿਹੜੀ ਮਰਜ਼ੀ ਸੜਕ ਜਾਮ ਕਰ ਦਿੱਤੀ ਜਾਂਦੀ ਹੈ। ਜਿੰਨੀਆਂ ਮੀਟਿੰਗਾਂ 7 ਮਹੀਨਿਆਂ ਵਿਚ ਸਰਕਾਰ ਨੇ ਕਿਸਾਨ ਜਥੇਬੰਦੀਆਂ ਨਾਲ ਕੀਤੀਆਂ ਹਨ, ਇੰਨੀਆਂ ਸ਼ਾਇਦ ਪਿਛਲੇ ਦਸ ਸਾਲ ਵਿਚ ਨਹੀਂ ਹੋਈਆਂ ਹੋਣੀਆਂ। ਮਾਨ ਨੇ ਕਿਹਾ ਕਿ ਸਰਕਾਰ ਨੇ ਜਿਹੜੀ ਮੰਗ ਮੰਨ ਲਈ, ਉਸ ਨੂੰ ਲਾਗੂ ਕਰਨ ਵਿਚ ਸਮਾਂ ਲੱਗਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਇਕ ਧਰਨਾ ਗੱਲਬਾਤ ਕਰਨ ਲਈ, ਫਿਰ ਮੰਗਾਂ ਲਈ, ਫਿਰ ਇਕ ਧਰਨਾ ਨੋਟੀਫਿਕੇਸ਼ਨ ਲਈ ਲਗਾ ਦਿੱਤਾ ਜਾਂਦਾ ਹੈ। ਇੰਝ ਲੱਗਦਾ ਹੈ ਜਿਵੇਂ ਧਰਨੇ ਲਗਾਉਣ ਦਾ ਰਿਵਾਜ਼ ਹੀ ਬਣ ਗਿਆ ਹੋਵੇ।