ਸ਼੍ਰੀਨਗਰ – ਸੀਨੀਅਰ ਨੇਤਾ ਅਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ ਨੇ ਨੈਸ਼ਨਲ ਕਾਨਫਰੰਸ (ਨੇਕਾਂ) ਦੇ ਪ੍ਰਧਾਨ ਅਹੁਦੇ ਤੋਂ ਹਟਣ ਦਾ ਐਲਾਨ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਹੁਣ ਨਵੀਂ ਪੀੜ੍ਹੀ ਨੂੰ ਜ਼ਿੰਮੇਵਾਰੀ ਸੌਂਪਣ ਦਾ ਸਮਾਂ ਆ ਗਿਆ ਹੈ। ਅਬਦੁੱਲਾ ਨੇ ਕਿਹਾ,”ਮੈਂ ਹੁਣ ਪ੍ਰਧਾਨ ਅਹੁਦੇ ਲਈ ਚੋਣ ਨਹੀਂ ਲੜਾਂਗਾ। ਅਹੁਦੇ ਲਈ ਚੋਣ 5 ਦਸੰਬਰ ਨੂੰ ਹੋਵੇਗੀ। ਹੁਣ ਸਮਾਂ ਆ ਗਿਆ ਹੈ ਕਿ ਨਵੀਂ ਪੀੜ੍ਹੀ ਇਸ ਜ਼ਿੰਮੇਵਾਰੀ ਨੂੰ ਸੰਭਾਲੇ।”
ਲੋਕ ਸਭਾ ਦੇ ਮੈਂਬਰ ਅਬਦੁੱਲਾ ਨੇ ਕਿਹਾ,”ਪਾਰਟੀ ਦਾ ਕੋਈ ਵੀ ਮੈਂਬਰ ਇਸ ਅਹੁਦੇ ਲਈ ਚੋਣ ਲੜ ਸਕਦਾ ਹੈ। ਇਹ ਇਕ ਲੋਕਤੰਤਰੀ ਪ੍ਰਕਿਰਿਆ ਹੈ।” ਵਿਆਪਕ ਪੱਧਰ ‘ਤੇ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ 85 ਸਾਲਾ ਅਬਦੁੱਲਾ ਪਾਰਟੀ ਸਲਾਹਕਾਰ ਦੀ ਭੂਮਿਕਾ ਨਿਭਾਉਣਗੇ ਅਤੇ ਉਨ੍ਹਾਂ ਦੇ ਪੁੱਤਰ ਅਤੇ ਨੇਕਾਂ ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਹੁਣ ਇਸ ਲਈ ਨਵੇਂ ਪ੍ਰਮੁੱਕ ਬਣ ਸਕਦੇ ਹਨ।