CM ਮਾਨ ਦਾ ਵਿਰੋਧੀਆਂ ‘ਤੇ ਪਲਟਵਾਰ, ਕਈ ਦਿਨਾਂ ਦੀ ਚੁੱਪੀ ਤੋੜ ਦਿੱਤਾ ਕਰਾਰਾ ਜਵਾਬ

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਉਨ੍ਹਾਂ ਵਿਰੋਧੀ ਧੜੇ ਦੇ ਆਗੂਆਂ ’ਤੇ ਪਲਟਵਾਰ ਕੀਤਾ ਹੈ, ਜੋ ਪਿਛਲੇ ਕੁੱਝ ਦਿਨਾਂ ਤੋਂ ਸੂਬੇ ‘ਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਲੈ ਕੇ ‘ਆਪ’ ਸਰਕਾਰ ’ਤੇ ਲਗਾਦਾਰ ਦੂਸ਼ਣਬਾਜ਼ੀ ਕਰਨ ‘ਚ ਲੱਗੇ ਹੋਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਕਿ ਜਿਨ੍ਹਾਂ ਦੇ ਸੂਬੇ ‘ਚ ਜੇਲ੍ਹਾਂ ਬ੍ਰੇਕ ਹੁੰਦੀਆਂ ਰਹੀਆਂ, ਔਰਤਾਂ ਦੀ ਇੱਜ਼ਤ ਬਚਾਉਂਦੇ ਹੋਏ ਪੁਲਸ ਅਫ਼ਸਰ ਨੂੰ ਬਜ਼ਾਰ ‘ਚ ਗੋਲੀ ਮਾਰੀ ਗਈ, ਉਨ੍ਹਾਂ ਵਿਰੋਧੀ ਆਗੂਆਂ ਨੂੰ ਸਾਡੇ ਕੋਲੋਂ ਹਿਸਾਬ ਮੰਗਣ ਦਾ ਕੋਈ ਅਧਿਕਾਰ ਨਹੀਂ ਹੈ। ਮੁੱਖ ਮੰਤਰੀ ਨੇ ਦੁਹਰਾਇਆ ਕਿ ਸੂਬੇ ‘ਚ ਅਮਨ-ਸ਼ਾਂਤੀ ਦੇ ਨਾਲ ਕਿਸੇ ਨੂੰ ਵੀ ਖਿਲਵਾੜ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਟਵੀਟ ‘ਚ ਕਿਹਾ ਕਿ ਜਿਨ੍ਹਾਂ ਆਗੂਆਂ ਨੇ ਸੂਬੇ ‘ਚ ਗੈਂਗਸਟਰ ਪੈਦਾ ਕੀਤੇ ਸਨ, ਨਸ਼ਾ ਤਸਕਰਾਂ ਦੇ ਨਾਲ ਸਮਝੌਤੇ ਕੀਤੇ ਸਨ, ਅੱਜ-ਕੱਲ੍ਹ ਉਹੀ ਨੇਤਾ ਅਮਨ-ਸ਼ਾਂਤੀ ਦੀ ਦੁਹਾਈ ਦੇ ਰਹੇ ਹਨ ਅਤੇ ਸਾਡੇ ਕੋਲੋਂ ਹਿਸਾਬ ਮੰਗ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਜਿਹੇ ਵਿਰੋਧੀ ਨੇਤਾਵਾਂ ਨੂੰ ਪਹਿਲਾਂ ਆਤਮ-ਨਿਰੀਖਣ ਕਰਨ ਦੀ ਲੋੜ ਹੈ ਅਤੇ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਸੂਬੇ ‘ਚ ਹਾਲਾਤ ਕਿਸ ਤਰ੍ਹਾਂ ਦੇ ਸਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਮਨ-ਸ਼ਾਂਤੀ ਦਾ ਹਿਸਾਬ ਮੰਗਣ ਵਾਲੇ ਨੇਤਾ ਅਜਿਹਾ ਵਤੀਰਾ ਕਰ ਰਹੇ ਹਨ , ਜਿਵੇਂ ਤਾਲਿਬਾਨੀ ਕੈਂਡਲ ਮਾਰਚ ਕੱਢ ਕੇ ਸ਼ਾਂਤੀ ਦੀ ਗੱਲ ਕਰ ਰਹੇ ਹੋਣ। ਮੁੱਖ ਮੰਤਰੀ ਨੇ ਪਿਛਲੇ ਕਾਫੀ ਦਿਨਾਂ ਤੋਂ ਚੁੱਪ ਧਾਰਨ ਕੀਤੀ ਹੋਈ ਸੀ ਪਰ ਆਖ਼ੀਰ ਉਨ੍ਹਾਂ ਕਾਨੂੰਨ-ਵਿਵਸਥਾ ਦੇ ਮਾਮਲੇ ਨੂੰ ਲੈ ਕੇ ਟੀਕਾ-ਟਿੱਪਣੀ ਕਰਨ ਵਾਲੇ ਵਿਰੋਧੀ ਨੇਤਾਵਾਂ ’ਤੇ ਸਿੱਧਾ ਹਮਲਾ ਬੋਲ ਦਿੱਤਾ ਹੈ। ਮੁੱਖ ਮੰਤਰੀ ਨੇ ਭਾਵੇਂ ਆਪਣੇ ਟਵੀਟ ‘ਚ ਕਿਸੇ ਵੀ ਵਿਰੋਧੀ ਨੇਤਾ ਦਾ ਪ੍ਰਤੱਖ ਤੌਰ ’ਤੇ ਨਾਂ ਨਹੀਂ ਲਿਆ ਹੈ ਪਰ ਉਨ੍ਹਾਂ ਦਾ ਇਸ਼ਾਰਾ ਪਿਛਲੇ 10-15 ਸਾਲਾਂ ‘ਚ ਸੂਬੇ ‘ਚ ਸ਼ਾਸਨ ਕਰਨ ਵਾਲੇ ਵਿਰੋਧੀ ਨੇਤਾਵਾਂ ਵੱਲ ਸੀ।