ਜਲੰਧਰ -ਪੰਜਾਬ ਪੁਲਸ ਨੇ ਬੀਤੇ ਦਿਨੀਂ ਜਿਸ ਤਰ੍ਹਾਂ ਸੂਬੇ ਵਿਚ ਗੈਂਗਸਟਰਾਂ ਅਤੇ ਨਸ਼ਾ ਸਮੱਗਲਰਾਂ ਖ਼ਿਲਾਫ਼ ਆਪ੍ਰੇਸ਼ਨ ਚਲਾ ਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ, ਉਸ ਨੂੰ ਵੇਖਦੇ ਹੋਏ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਭਵਿੱਖ ਵਿਚ ਵੀ ਅਜਿਹੇ ਸਪੈਸ਼ਲ ਆਪ੍ਰੇਸ਼ਨ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਨੂੰ ਗੈਂਗਸਟਰ ਅਤੇ ਨਸ਼ਾਮੁਕਤ ਬਣਾਉਣ ਲਈ ਦਿੱਤੇ ਸਖ਼ਤ ਹੁਕਮਾਂ ਤੋਂ ਬਾਅਦ ਪੰਜਾਬ ਪੁਲਸ ਨੇ ਲੰਮੇ ਸਮੇਂ ਬਾਅਦ ਸਪੈਸ਼ਲ ਆਪ੍ਰੇਸ਼ਨ ਚਲਾਉਣੇ ਸ਼ੁਰੂ ਕਰ ਦਿੱਤੇ ਹਨ।
ਡੀ. ਜੀ. ਪੀ. ਗੌਰਵ ਯਾਦਵ ਨੇ ਕਿਹਾ ਕਿ ਇਨ੍ਹਾਂ ਆਪ੍ਰੇਸ਼ਨਾਂ ਦਾ ਸਭ ਤੋਂ ਵੱਡਾ ਫਾਇਦਾ ਇਹ ਹੋ ਰਿਹਾ ਕਿ ਜਨਤਾ ਅੰਦਰ ਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਬੀਤੇ ਦਿਨੀਂ ਜਿਸ ਤਰ੍ਹਾਂ ਸਪੈਸ਼ਲ ਆਪ੍ਰੇਸ਼ਨ ਦੌਰਾਨ ਸਮਾਜ ਵਿਰੋਧੀ ਅਨਸਰਾਂ ਵਿਰੁੱਧ 97 ਐੱਫ਼. ਆਈ. ਆਰ. ਦਰਜ ਕੀਤੀਆਂ ਗਈਆਂ, ਉਹ ਆਪਣੇ-ਆਪ ਵਿਚ ਵੱਡੀ ਗੱਲ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਵਿਚ ਸਾਰੇ ਏ. ਡੀ. ਜੀ. ਪੀ./ਆਈ.ਜੀ. ਪੱਧਰ ਦੇ ਅਧਿਕਾਰੀਆਂ ਨੇ ਹਿੱਸਾ ਲਿਆ ਅਤੇ ਡੀ. ਜੀ. ਪੀ. ਇਸ ਸਪੈਸ਼ਲ ਆਪ੍ਰੇਸ਼ਨ ਦਾ ਸੰਚਾਲਨ ਕਰਨ ਲਈ ਉਹ ਖ਼ੁਦ ਲੁਧਿਆਣਾ ’ਚ ਫੀਲਡ ਵਿਚ ਉਤਰੇ।
ਉਨ੍ਹਾਂ ਕਿਹਾ ਕਿ ਪੰਜਾਬ ਸਰਹੱਦੀ ਸੂਬਾ ਹੋਣ ਕਾਰਨ ਸਰਹੱਦ ਪਾਰ ਤੋਂ ਵੀ ਕੁਝ ਤਾਕਤਾਂ ਇੱਥੇ ਅਸਥਿਰਤਾ ਫ਼ੈਲਾਉਣ ’ਚ ਲੱਗੀਆਂ ਹੋਈਆਂ ਹਨ। ਅੱਤਵਾਦੀਆਂ ਤੇ ਗੈਂਗਸਟਰਾਂ ਨੇ ਹੱਥ ਮਿਲਾਇਆ ਹੋਇਆ ਹੈ ਅਤੇ ਉਹ ਇਕੱਠੇ ਹੋ ਕੇ ਪੰਜਾਬ ਵਾਸੀਆਂ ਵਿਚ ਡਰ ਪੈਦਾ ਕਰਨਾ ਚਾਹੁੰਦੇ ਹਨ, ਜਿਸ ਨੂੰ ਦੂਰ ਕਰਨ ਲਈ ਅਜਿਹੇ ਸਪੈਸ਼ਲ ਆਪ੍ਰੇਸ਼ਨਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਪੈਸ਼ਲ ਸਰਚ ਆਪ੍ਰੇਸ਼ਨਾਂ ਦਾ ਫਾਇਦਾ ਇਹ ਹੋ ਰਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਜਨਤਾ ਗੈਂਗਸਟਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਬਾਰੇ ਪੁਲਸ ਨੂੰ ਸੂਚਨਾ ਦੇਣ ਲਈ ਅੱਗੇ ਆਏਗੀ। ਪੰਜਾਬ ਪੁਲਸ ਨੇ ਜਨਤਾ ਦੇ ਸਹਿਯੋਗ ਨਾਲ ਅੱਤਵਾਦ ਦਾ ਖਾਤਮਾ ਕੀਤਾ ਸੀ ਅਤੇ ਹੁਣ ਜਨਤਾ ਦੇ ਸਹਿਯੋਗ ਨਾਲ ਹੀ ਗੈਂਗਸਟਰਾਂ ਤੇ ਨਸ਼ਾ ਸਮੱਗਲਰਾਂ ਦਾ ਸਫਾਇਆ ਕੀਤਾ ਜਾਵੇਗਾ।